ਪਾਕਿਸਤਾਨ ਤੋਂ ਹੈਰੋਇਨ ਲਿਆਉਣ ਵਾਲਾ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 7 ਸਤੰਬਰ
ਜਲੰਧਰ ਦਿਹਾਤੀ ਪੁਲੀਸ ਨੇ ਪਾਕਿਸਤਾਨ ਤੋਂ 50 ਕਿੱਲੋ ਹੈਰੋਇਨ ਦੀ ਖੇਪ ਲਿਆਉਣ ਲਈ ਤਿੰਨ ਤੈਰਾਕਾਂ ਨੂੰ ਭੇਜਣ ਵਾਲੇ ਮਲਕੀਅਤ ਸਿੰਘ ਉਰਫ਼ ਕਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਟੀਮਾਂ ਨੇ ਇਸ 50 ਕਿੱਲੋ ਹੈਰੋਇਨ ਦੀ ਖੇਪ ਵਿਚੋਂ ਅੱਜ ਹੋਰ 9 ਕਿਲੋ ਜ਼ਬਤ ਕੀਤੀ ਹੈ, ਜਦਕਿ 22.5 ਕਿੱਲੋ ਹੈਰੋਇਨ ਪਹਿਲਾਂ ਹੀ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੁਲ 31.5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਪੁਲੀਸ ਨੇ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਜਾਣ ਵਾਲੇ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜੋਗਾ ਸਿੰਘ ਕੋਲੋਂ 8 ਕਿੱਲੋ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ, ਐਸਐਓਸੀ ਅੰਮ੍ਰਿਤਸਰ ਨੇ ਸ਼ਿੰਦਰ ਸਿੰਘ ਕੋਲੋਂ 10 ਕਿੱਲੋ ਹੈਰੋਇਨ ਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਦੌਰਾਨ ਅਮਨਦੀਪ ਕੌਰ ਉਰਫ਼ ਦੀਪ ਭਾਈ ਨੂੰ ਵੀ 1 ਕਿਲੋ ਤੇ ਸ਼ਿੰਦਰਪਾਲ ਉਰਫ਼ ਪੱਪੂ ਨੂੰ ਮਹਿਤਪੁਰ ਤੋਂ 500 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ। ਇਸ ਮਗਰੋਂ ਵਿੱਢੀ ਗਈ ਪੜਤਾਲ ਦੇ ਆਧਾਰ ’ਤੇ ਜਲੰਧਰ ਦਿਹਾਤੀ ਦੀ ਪੁਲੀਸ ਨੇ ਫਿਰੋਜ਼ਪੁਰ ਦੇ ਪਿੰਡ ਟੇਂਡੀਆਂ ਦੇ ਵਸਨੀਕ ਮਲਕੀਅਤ ਕਾਲੀ ਨੂੰ ਕਾਬੂ ਕੀਤਾ। ਐੱਸਐੱਸਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਲਕੀਅਤ ਕਾਲੀ ਪਾਕਿਸਤਾਨ ਦੇ ਹੈਦਰ ਅਲੀ ਦੇ ਸੰਪਰਕ ’ਚ ਸੀ, ਜਿਸ ਨੇ ਹੈਰੋਇਨ ਭੇਜੀ ਸੀ। ਮਲਕੀਅਤ ਕਾਲੀ ਨੇ ਦੱਸਿਆ ਕਿ ਉਸ ਨੇ ਜੋਗਾ ਸਿੰਘ ਤੇ ਦੋ ਹੋਰ ਵਿਅਕਤੀਆਂ ਨੂੰ ਇਹ ਖੇਪ ਲੈਣ ਲਈ ਪਾਕਿਸਤਾਨ ਭੇਜਿਆ ਸੀ।