ਬੰਗਲਾਦੇਸ਼ੀ ਟ੍ਰਿਬਿਊਨਲ ਵੱਲੋਂ ਹਸੀਨਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਢਾਕਾ, 17 ਅਕਤੂਬਰ
ਬੰਗਲਾਦੇਸ਼ ਦੀ ਕੌਮਾਂਤਰੀ ਅਪਰਾਧਾਂ ਬਾਰੇ ਟ੍ਰਿਬਿਊਨਲ (ਆਈਸੀਟੀ) ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 45 ਹੋਰਨਾਂ ਖਿਲਾਫ਼ ਕਥਿਤ ਮਾਨਵਤਾ ਵਿਰੁੱਧ ਅਪਰਾਧਾਂ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਹਸੀਨਾ ਨੂੰ ਵਿਦਿਆਰਥੀਆਂ ਦੀ ਅਗਵਾਈ ਵਾਲੇ ਰੋਸ ਮੁਜ਼ਾਹਰਿਆਂ ਕਰਕੇ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਹਸੀਨਾ ਮਗਰੋਂ ਦੇਸ਼ ਛੱਡ ਗਈ ਸੀ। ਟ੍ਰਿਬਿਊਨਲ ਨੇ ਸਬੰਧਤ ਅਥਾਰਿਟੀਜ਼ ਨੂੰ ਹਸੀਨਾ ਤੇ 45 ਹੋਰਨਾਂ ਨੂੰ 18 ਨਵੰਬਰ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਰੋਜ਼ਨਾਮਚਾ ਢਾਕਾ ਟ੍ਰਿਬਿਊਨ ਨੇ ਕਿਹਾ ਕਿ ਨਵੇਂ ਸਿਰੇ ਤੋਂ ਗਠਿਤ ਟ੍ਰਿਬਿਊਨਲ ਦੀ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਹਸੀਨਾ (77) ਤੇ ਹੋਰਨਾਂ, ਜਿਨ੍ਹਾਂ ਵਿਚ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਸਿਖਰਲੇ ਆਗੂ ਵੀ ਸ਼ਾਮਲ ਹਨ, ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ। ਰੋਜ਼ਨਾਮਚਾ ‘ਦਿ ਡੇਲੀ ਸਟਾਰ’ ਨੇ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਦੇ ਹਵਾਲੇ ਨਾਲ ਕਿਹਾ ਕਿ ਜਸਟਿਸ ਮੁਹੰਮਦ ਗੁਲਾਮ ਮੁਰਤੁਜ਼ਾ ਮਜੂਮਦਾਰ ਦੀ ਅਗਵਾਈ ਵਾਲੀ ਟ੍ਰਿਬਿਊਨਲ ਨੇ ਇਸਤਗਾਸਾ ਧਿਰ ਦੀਆਂ ਪਟੀਸ਼ਨਾਂ ’ਤੇ ਉਪਰੋਕਤ ਹੁਕਮ ਜਾਰੀ ਕੀਤੇ। ਹਸੀਨਾ, ਅਵਾਮੀ ਲੀਗ ਪਾਰਟੀ ਤੇ 14 ਪਾਰਟੀਆਂ ਦੇ ਗੱਠਜੋੜ ਵਿਚ ਸ਼ਾਮਲ ਹੋਰਨਾਂ ਆਗੂਆਂ, ਪੱਤਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਦੇ ਸਾਬਕਾ ਸਿਖਰਲੇ ਅਧਿਕਾਰੀਆਂ ਖਿਲਾਫ਼ ਹੁਣ ਤੱਕ ਕੁਲ 60 ਤੋਂ ਵੱਧ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ। -ਪੀਟੀਆਈ