Arrest warrant against Sheikh Hasina: ਹਸੀਨਾ ਖ਼ਿਲਾਫ਼ ਇਕ ਹੋਰ ਗ੍ਰਿਫ਼ਤਾਰੀ ਵਾਰੰਟ ਜਾਰੀ
ਢਾਕਾ, 13 ਅਪਰੈਲ
ਬੰਗਲਾਦੇਸ਼ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਕੀਤੀ ਗਈ ਸ਼ੇਖ ਹਸੀਨਾ, ਉਸ ਦੀ ਭੈਣ ਸ਼ੇਖ ਰੇਹਾਨਾ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਰਿਜ਼ਵਾਨਾ ਸਿੱਦੀਕ ਅਤੇ 50 ਹੋਰਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਉਨ੍ਹਾਂ ’ਤੇ ਸੱਤਾ ਦੀ ਦੁਰਵਰਤੋਂ ਕਰਕੇ ਜ਼ਮੀਨ ’ਤੇ ਗ਼ੈਰਕਾਨੂੰਨੀ ਕਬਜ਼ੇ ਦਾ ਦੋਸ਼ ਹੈ। ਢਾਕਾ ਦੇ ਮੈਟਰੋਪਾਲਿਟਨ ਸੀਨੀਅਰ ਸਪੈਸ਼ਲ ਜੱਜ ਜ਼ਾਕਿਰ ਹੁਸੈਨ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵੱਲੋਂ ਦਾਖ਼ਲ ਤਿੰਨ ਵੱਖੋ ਵੱਖਰੀਆਂ ਚਾਰਜਸ਼ੀਟਾਂ ’ਤੇ ਵਿਚਾਰ ਕਰਨ ਮਗਰੋਂ ਇਹ ਹੁਕਮ ਜਾਰੀ ਕੀਤੇ। ਜੱਜ ਹੁਸੈਨ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟਾਂ ’ਤੇ ਨਜ਼ਰਸਾਨੀ ਲਈ 27 ਅਪਰੈਲ ਦੀ ਤਰੀਕ ਤੈਅ ਕੀਤੀ ਹੈ। ਇਸੇ ਅਦਾਲਤ ਨੇ 10 ਅਪਰੈਲ ਨੂੰ ਹਸੀਨਾ, ਉਸ ਦੀ ਧੀ ਸਾਯਮਾ ਵਾਜ਼ੇਦ ਪੁਤੁਲ ਅਤੇ 17 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਜ਼ਿਕਰਯੋਗ ਹੈ ਕਿ ਇੱਥੋਂ ਦੀ ਇਕ ਅਦਾਲਤ ਨੇ ਦੋ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਤੇ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ, ਉਨ੍ਹਾਂ ਦੀ ਧੀ ਸਾਇਮਾ ਵਾਜੇਦ ਪਤੁਲ ਅਤੇ 17 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉਨ੍ਹਾਂ ’ਤੇ ਧੋਖਾਧੜੀ ਨਾਲ ਇਕ ਰਿਹਾਇਸ਼ੀ ਪਲਾਟ ਹਾਸਲ ਕਰਨ ਦਾ ਦੋਸ਼ ਹੈ। ਢਾਕਾ ਮੈਟਰੋਪੋਲੀਟਿਨ ਦੇ ਸੀਨੀਅਰ ਵਿਸ਼ੇਸ਼ ਜੱਜ ਜ਼ਾਕਿਰ ਹੁਸੈਨ ਗ਼ਾਲਿਬ ਨੇ ਭ੍ਰਿਸ਼ਟਾਚਾਰ ਰੋਕਥਾਮ ਕਮਿਸ਼ਨ ਵੱਲੋਂ ਦਾਖ਼ਲ ਦੋਸ਼ ਪੱਤਰ ਨੂੰ ਸਵੀਕਾਰ ਕਰ ਲਿਆ ਕਿਉਂਕਿ ਮੁਲਜ਼ਮ ਫ਼ਰਾਰ ਹਨ, ਇਸ ਵਾਸਤੇ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।