ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਨੂੰਨ ਦੀ ਉਲੰਘਣਾ ਨਹੀਂ: ਹਾਈ ਕੋਰਟ
* ਈਡੀ ਕੋਲ ਚੋਖੇ ਸਬੂਤ ਹੋਣ ਦੀ ਦਿੱਤੀ ਦਲੀਲ
* ਕਾਨੂੰਨ ਸਾਰਿਆਂ ਲਈ ਬਰਾਬਰ ਹੋਣ ਦਾ ਤਰਕ ਦੁਹਰਾਇਆ
ਨਵੀਂ ਦਿੱਲੀ, 9 ਅਪਰੈਲ
ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਨਹੀਂ ਕੀਤੀ। ਹਾਈ ਕੋਰਟ ਦਾ ਫੈਸਲਾ ‘ਆਪ’ ਕਨਵੀਨਰ ਲਈ ਵੱਡਾ ਝਟਕਾ ਹੈ। ਕੇਜਰੀਵਾਲ, ਜੋ ਇਸ ਵੇਲੇ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਹਨ, ਨੇ ਪਟੀਸ਼ਨ ਵਿਚ ਆਪਣੀ ਗ੍ਰਿਫ਼ਤਾਰੀ ਤੋਂ ਇਲਾਵਾ ਈਡੀ ਦੇ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਸੀ। ਕੋਰਟ ਨੇ ਕਿਹਾ ਕਿ ਇਹ ਰਿਮਾਂਡ ਵੀ ਗੈਰਕਾਨੂੰਨੀ ਨਹੀਂ ਸੀ। ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇੇ ਕਿਹਾ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਕੋਲ ‘ਚੋਖੇ ਸਬੂਤ’ ਮੌਜੂਦ ਹਨ, ਜਿਸ ਦੇ ਆਧਾਰ ’ਤੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੇਠਲੀ ਕੋਰਟ ਨੇ ਠੋਸ ਤੱਥਾਂ ਦੇ ਆਧਾਰ ’ਤੇ ਹੀ ਉਸ ਨੂੰ ਏਜੰਸੀ ਦੀ ਹਿਰਾਸਤ ਵਿਚ ਭੇਜਿਆ। ਜਸਟਿਸ ਸ਼ਰਮਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਕੋਰਟ ਦਾ ਇਹ ਵਿਚਾਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਨੂੰਨੀ ਵਿਵਸਥਾਵਾਂ ਦੀ ਅਵੱਗਿਆ ਨਹੀਂ ਸੀ। ਰਿਮਾਂਡ ਨੂੰ ਵੀ ਗੈਰਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ।’’ ਜਸਟਿਸ ਸ਼ਰਮਾ ਨੇ 25 ਮਿੰਟਾਂ ਤੱਕ ਆਪਣਾ ਫੈਸਲਾ ਪੜ੍ਹਿਆ ਤੇ ਆਪਣੇ ਫੈਸਲੇ ਦੇ ਕਈ ਹਿੱਸਿਆਂ ਦੀ ਹਿੰਦੀ ਵਿਚ ਸਫ਼ਾਈ ਦਿੱਤੀ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਉਹ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਨਾਲ ਨਹੀਂ ਸਿੱਝ ਰਹੀ ਬਲਕਿ ਕੁਝ ਤੱਥਾਂ ਦੇ ਆਧਾਰ ’ਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਕੇਜਰੀਵਾਲ ਦੀ ਰਿਟ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ। ਕੋਰਟ ਨੇ ਜ਼ੋਰ ਦੇ ਕੇ ਆਖਿਆ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਕੋਰਟਾਂ ਸਿਆਸੀ ਨੈਤਿਕਤਾ ਨੂੰ ਲੈ ਕੇ ਨਹੀਂ ਬਲਕਿ ਸੰਵਿਧਾਨਕ ਨੈਤਿਕਤਾ ਨੂੰ ਲੈ ਕੇ ਫ਼ਿਕਰਮੰਦ ਹਨ। ਜਸਟਿਸ ਸ਼ਰਮਾ ਨੇ ਕਿਹਾ, ‘‘ਇਸ ਕੋਰਟ ਦਾ ਮੰਨਣਾ ਹੈ ਕਿ ਸਿਆਸੀ ਖਿਆਲਾਂ ਤੇ ਸਮੀਕਰਣਾਂ ਨੂੰ ਇਸ ਕੋਰਟ ਵਿਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਉਹ ਕਾਨੂੰਨ ਕਾਰਵਾਈ ਲਈ ਪ੍ਰਸੰਗਿਕ ਨਹੀਂ ਹਨ। ਹੱਥਲੇ ਕੇਸ ਦੀ ਗੱਲ ਕਰੀਏ ਤਾਂ ਇਹ ਸਪਸ਼ਟ ਕਰਨਾ ਅਹਿਮ ਹੈ ਕਿ ਇਹ ਕੋਰਟ ਜਿਸ ਮਸਲੇ ਦੀ ਸੁਣਵਾਈ ਕਰ ਰਹੀ ਹੈ ਉਹ ਕੇਂਦਰ ਸਰਕਾਰ ਤੇ ਪਟੀਸ਼ਨਰ ਕੇਜਰੀਵਾਲ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ। ਇਸ ਦੀ ਥਾਂ ਇਹ ਕੇਜਰੀਵਾਲ ਤੇ ਈਡੀ ਵਿਚਾਲੇ ਕੇਸ ਹੈ।’’ ਕੋਰਟ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਖਿਲਾਫ਼ ਵਾਅਦਾ ਮੁਆਫ਼ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਬਾਰੇ ਫੈਸਲਾ ਕੇਸ ਦੇ ਟਰਾਇਲ ਦੌਰਾਨ ਹੋਵੇਗਾ ਕਿਉਂਕਿ ਉਹ ਇਸ ਪੜਾਅ ’ਤੇ ਮਿਨੀ ਟਰਾਇਲ ਨਹੀਂ ਚਲਾ ਸਕਦੀ। ਉਂਜ ਕੋਰਟ ਨੇ ਕਿਹਾ ਕਿ ਕੇਜਰੀਵਾਲ ਨੂੰ ਟਰਾਇਲ ਦੌਰਾਨ ਵਾਅਦਾ ਮੁਆਫ਼ ਗਵਾਹਾਂ ਤੋਂ ਸਵਾਲ ਜਵਾਬ ਕਰਨ ਦੀ ਖੁੱਲ੍ਹ ਰਹੇਗੀ। ਕੇਜਰੀਵਾਲ ਨੇ ਪਟੀਸ਼ਨ ਵਿਚ ਆਪਣੀ ਗ੍ਰਿਫ਼ਤਾਰੀ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਉਠਾਇਆ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਇਹ ਜਮਹੂਰੀਅਤ, ਨਿਰਪੱਖ ਚੋਣਾਂ ਅਤੇ ਬਰਾਬਰੀ ਦੇ ਮੌਕੇ ਸਣੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਖਿਲਾਫ਼ਵਰਜ਼ੀ ਹੈ। ਹਾਈ ਕੋਰਟ ਵੱਲੋਂ ਕੇਜਰੀਵਾਲ ਨੂੰ ਕਿਸੇ ਸਖ਼ਤ ਕਾਰਵਾਈ ਤੋਂ ਰਾਹਤ ਨਾ ਦਿੱਤੇ ਜਾਣ ਤੋਂ ਫੌਰੀ ਮਗਰੋਂ ਈਡੀ ਨੇ ‘ਆਪ’ ਕਨਵੀਨਰ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਟਰਾਇਲ ਕੋਰਟ ਨੇ ਈਡੀ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਕੇਜਰੀਵਾਲ ਨੂੰ 1 ਅਪਰੈਲ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। -ਪੀਟੀਆਈ
ਕੇਜਰੀਵਾਲ ਨੂੰ ਸੀਐੱਮ ਬਣੇ ਰਹਿਣ ਦਾ ਕੋਈ ਮੌਲਿਕ ਅਧਿਕਾਰ ਨਹੀਂ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਹਾਈ ਕੋਰਟ ਵੱਲੋਂ ਸੁਣਾਏ ਫੈਸਲੇ ਦੇ ਹਵਾਲੇ ਨਾਲ ‘ਆਪ’ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜਿਹੜਾ ਅੰਦੋਲਨ ‘ਇੰਡੀਆ ਅਗੇਂਸਟ ਕਰੱਪਸ਼ਨ ਮੁਹਿੰਮ ਨਾਲ ਸ਼ੁਰੂ ਹੋਇਆ ਸੀ, ਉਹ ਹੁਣ ‘ਕੇਜਰੀ ਕਰੱਪਸ਼ਨ ਕਰਾਂਤੀ’ ਵਿਚ ਤਬਦੀਲ ਹੋ ਗਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਮਗਰੋਂ ਕੇਜਰੀਵਾਲ ਨੂੰ ਹੁਣ ਜੇਲ੍ਹ ਵਿਚ ਰਹਿੰਦਿਆਂ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਹਾਈ ਕੋਰਟ ਵੱਲੋਂ ਫੈਸਲੇ ਵਿਚ ਕੀਤੀਆਂ ਕਈ ਟਿੱਪਣੀਆਂ ਦੇ ਹਵਾਲੇ ਨਾਲ ‘ਆਪ’ ਤੇ ਇਸ ਦੇ ਮੁਖੀ ’ਤੇ ਜਾਂਚ ਤੇ ਨਿਆਂਇਕ ਪ੍ਰਕਿਰਿਆ ਦੇ ਸਿਆਸੀਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਲਾਇਆ। ਤ੍ਰਿਵੇਦੀ ਨੇ ਕਿਹਾ ਕਿ ਫੈਸਲੇ ਨੇ ਕੇਜਰੀਵਾਲ ਦੇ ਆਮ ਆਦਮੀ ਹੋਣ ਦੇ ਚੋਲੇ ਨੂੰ ਲਾਹ ਕੇ ਰੱਖ ਦਿੱਤਾ ਹੈ। -ਪੀਟੀਆਈ
‘ਆਪ’ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੀ ਆਸ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਾ ਮਿਲਣ ਮਗਰੋਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫੈਸਲੇ ਖਿਲਾਫ਼ ਸੁਪਰੀਮ ਕੋਰਟ ਜਾਣਗੇ। ਪਾਰਟੀ ਨੇ ਕਿਹਾ ਕਿ ਆਬਕਾਰੀ ਨੀਤੀ ਕੇਸ ‘ਆਪ’ ਨੂੰ ਖ਼ਤਮ ਕਰਨ ਲਈ ‘ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਹੈ।’ ਸੀਨੀਅਰ ‘ਆਪ’ ਆਗੂ ਤੇ ਦਿੱਲੀ ਸਰਕਾਰ ’ਚ ਮੰਤਰੀ ਸੌਰਭ ਭਾਰਦਵਾਜ ਨੇ ਹਾਈ ਕੋਰਟ ਦੇ ਫੈਸਲੇ ਤੋਂ ਫੌਰੀ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜਿਵੇਂ ਸੁਪਰੀਮ ਕੋਰਟ ਨੇ ਹਾਲ ਹੀ ਵਿਚ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਰਾਹਤ ਦਿੱਤੀ ਹੈ, ਠੀਕ ਉਸੇ ਤਰ੍ਹਾਂ ਕੇਜਰੀਵਾਲ ਨੂੰ ਵੀ ਰਾਹਤ ਮਿਲੇਗੀ। ਭਾਰਦਵਾਜ ਨੇ ਕਿਹਾ, ‘‘ਅਸੀਂ ਹਾਈ ਕੋਰਟ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਸਤਿਕਾਰ ਸਹਿਤ ਇਹ ਵੀ ਕਹਿੰਦੇ ਹਾਂ ਕਿ ਅਸੀਂ ਇਸ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ ਤੇ ਇਸ ਖਿਲਾਫ਼ ਸੁਪਰੀਮ ਕੋਰਟ ਜਾਵਾਂਗੇ।’’ -ਪੀਟੀਆਈ
ਕੇਜਰੀਵਾਲ ਵੱਲੋਂ ਪਤਨੀ ਅਤੇ ਸਕੱਤਰ ਨਾਲ ਮੁਲਾਕਾਤ
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਨਿੱਜੀ ਸਕੱਤਰ ਬਿਭਵ ਕੁਮਾਰ ਨੇ ਅੱਜ ਤਿਹਾੜ ਜੇਲ੍ਹ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਹਿਲੀ ਅਪਰੈਲ ਨੂੰ ਈਡੀ ਦੇ ਰਿਮਾਂਡ ਵਿਚ ਭੇਜੇ ਜਾਣ ਮਗਰੋਂ ਆਪ ਕਨਵੀਨਰ ਦੀ ਇਹ ਪਲੇਠੀ ਮੁਲਾਕਾਤ ਹੈ। ਸੂਤਰਾਂ ਮੁਤਾਬਕ ਕੇਜਰੀਵਾਲ ਨੇ ‘ਮੁਲਾਕਾਤ ਜੰਗਲੇ’ ਰਾਹੀਂ ਆਪਣੀ ਪਤਨੀ ਤੇ ਨਿੱਜੀ ਸਕੱਤਰ ਨਾਲ ਅੱਧੇ ਘੰਟੇ ਦੇ ਕਰੀਬ ਗੱਲਬਾਤ ਕੀਤੀ।