ਪੁਲੀਸ ਵੱਲੋਂ ਕਿਸਾਨ ਆਗੂਆਂ ਦੀ ਫੜੋ-ਫੜੀ
ਗੁਰਬਖ਼ਸ਼ਪੁਰੀ
ਤਰਨ ਤਾਰਨ, 21 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਮੇਤ ਕਿਸਾਨਾਂ ਦੀਆਂ 16 ਜਥੇਬੰਦੀਆਂ ਵਲੋਂ ਹੜ੍ਹ ਪੀੜਤਾਂ ਨੂੰ ਮੁਆਵ਼ਜ਼ਾ ਦਿਵਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਤੋਂ ਸੂਬਾ ਸਰਕਾਰ ਖਿਲਾਫ਼ ਚੰਡੀਗੜ੍ਹ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਧਰਨੇ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਸ਼ਾਮਲ ਹੋਣ ਤੋਂ ਲਈ ਰੋਕਣ ਲਈ ਪੁਲੀਸ ਨੇ ਬੀਤੀ ਰਾਤ ਆਗੂਆਂ ਦੇ ਘਰਾਂ ਤੇ ਵਿਆਪਕ ਪੱਧਰ ’ਤੇ ਛਾਪੇ ਮਾਰੇ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਪੁਲੀਸ ਨੇ ਅੱਧੀ ਰਾਤ ਦੇ ਕਰੀਬ ਉਨ੍ਹਾਂ ਸਮੇਤ 85 ਆਗੂਆਂ ਦੇ ਘਰਾਂ ਤੇ ਰੇਡ ਕੀਤੀ| ਵਧੇਰੇ ਆਗੂ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਰਹੇ ਜਦੋਂਕਿ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਰਣਜੋਧ ਸਿੰਘ ਗੱਗੋਬੁਆ, ਤਰਸੇਮ ਸਿੰਘ ਧਾਲੀਵਾਲ ਅਤੇ ਮੁਖਤਿਆਰ ਸਿੰਘ ਬਿਹਾਰੀਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ|
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਕਿਸਾਨਾਂ ਦੇ ਧਰਨੇ ਨੂੰ ਅਸਫਲ ਬਣਾਉਣ ਲਈ ਪੁਲੀਸ ਵੱਲੋਂ ਕਿਸਾਨਾਂ ਦੀ ਪਿੰਡ ਪੱਧਰ ਤੱਕ ਨਾਕਾ ਬੰਦੀ ਕੀਤੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਨਿਸ਼ਾਨ ਸਿੰਘ ਮੇੜ੍ਹੇ ਅਤੇ ਇਸ ਜ਼ੋਨ ਦੇ ਸਕੱਤਰ ਕੈਪਟਨ ਸਮਿੰਦਰ ਸਿੰਘ ਨਾਨੋਵਾਲ ਕਲਾਂ, ਅਜੀਤ ਸਿੰਘ ਗਿੱਲ ਮੰਜ ਤੋਂ ਇਲਾਵਾ ਇਸ ਜਥੇਬੰਦੀ ਦੀਆਂ ਮਹਿਲਾ ਆਗੂਆਂ ਬੀਬੀ ਗੁਰਪ੍ਰੀਤ ਕੌਰ ਕੋਟਲੀ ਹਰਚੰਦਾਂ ਅਤੇ ਕੁਲਵਿੰਦਰ ਕੌਰ ਨਾਨੋਵਾਲ ਕਲਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਬਟਾਲਾ (ਹਰਜੀਤ ਸਿੰਘ ਪਰਮਾਰ/ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਧਰਨਾ ਦੇਣ ਲਈ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਪੁਲੀਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਨਜ਼ਰਬੰਦ ਕਰ ਦਿੱਤਾ।
ਸ਼ਾਹਕੋਟ/ਜਲੰਧਰ (ਗੁਰਮੀਤ ਖੋਸਲਾ/ਪਾਲ ਸਿੰਘ ਨੌਲੀ): ਸ਼ਾਹਕੋਟ ਅਤੇ ਲੋਹੀਆਂ ਖਾਸ ਦੀ ਪੁਲੀਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਆਗੂਆਂ ਨੂੰ ਅੱਜ ਤੜਕਸਾਰ ਹਿਰਾਸਤ ਵਿਚ ਲੈ ਲਿਆ। ਪੁਲੀਸ ਨੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ, ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ, ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ, ਸਤਨਾਮ ਸਿੰਘ ਰਾਈਵਾਲ, ਬਲਜਿੰਦਰ ਸਿੰਘ ਰਾਜੇਵਾਲ, ਰਣਜੀਤ ਸਿੰਘਬੱਲ ਅਤੇ ਸਰਬਜੀਤ ਸਿੰਘ ਢੰਡੋਵਾਲ ਨੂੰ ਅੱਜ ਤੜਕੇ ਆਪਣੀ ਹਿਰਾਸਤ ਵਿਚ ਲੈ ਲਿਆ।
ਪੱਟੀ (ਬੇਅੰਤ ਸਿੰਘ ਸੰਧੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਉਨ੍ਹਾਂ ਦੇ ਘਰ ਪਿੰਡ ਸਭਰਾ ਅੰਦਰ ਅੱਜ ਤੜਕਸਾਰ ਪੁਲੀਸ ਵੱਲੋਂ ਨਜ਼ਰਬੰਦ ਬੰਦ ਕਰ ਦਿੱਤਾ ਗਿਆ। ਨਜ਼ਰਬੰਦੀ ਦੌਰਾਨ ਆਪਣੇ ਘਰ ਅੰਦਰ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ 16 ਜਨਤਕ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੋਂ ਲੋਕਾਂ ਦੀਆਂ ਮੰਗਾਂ ਮਨਵਾਉਣ ਲਈ 22 ਅਗਸਤ ਨੂੰ ਚੰਡੀਗੜ੍ਹ ਧਰਨਾ ਉਲੀਕਿਆ ਗਿਆ ਸੀ। ਪੁਲੀਸ ਵੱਲੋਂ ਸੂਬਾ ਪ੍ਰਧਾਨ ਦੀ ਘਰ ਵਿੱਚ ਕੀਤੀ ਨਜ਼ਰਬੰਦੀ ਵੀ ਦੇਰ ਸ਼ਾਮ ਤੱਕ ਜਾਰੀ ਹੈ।
ਮਜੀਠਾ (ਲਖਨਪਾਲ ਸਿੰਘ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੜ੍ਹ ਪੀੜਤਾਂ ਦੇ ਹੱਕ ‘ਚ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ ਹੋਏ ਪਰਚਿਆਂ ਖਿਲਾਫ ਧਰਨਾ ਲਗਾਉਣ ਲਈ ਕਾਫਲੇ ਦੇ ਰੂਪ ਵਿੱਚ ਤਿਆਰੀ ਕੀਤੀ ਗਈ ਸੀ, ਪਰ ਆਪ ਸਰਕਾਰ ਦੇ ਹੁਕਮਾਂ ਤੇ ਪੁਲੀਸ ਵਲੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਹੋਰ ਕਿਸਾਨ ਆਗੂਆਂ ਨੂੰ ਘਰਾਂ ਤੋਂ ਅੱਜ ਤੜਕਸਾਰ ਪੁਲੀਸ ਵੱਲੋਂ ਛਾਪੇ ਮਾਰ ਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਚੰਡੀਗੜ੍ਹ ਦੇ ਰੋਸ ਮਾਰਚ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਸਰਕਾਰ ਦੀ ਬੁਖ਼ਲਾਹਟ ਦਾ ਨਤੀਜਾ ਕਰਾਰ
ਧਾਰੀਵਾਲ (ਪੱਤਰ ਪ੍ਰੇਰਕ): ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ। ਇਸ ਸਬੰਧੀ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਦਾ ਅੰਦੋਲਨ ਕਰਨ ਦਾ ਸੰਵਿਧਾਨਿਕ ਅਧਿਕਾਰ ਖੋਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰੇ ਅਤੇ ਜੇ ਅੰਦੋਲਨ ਰੋਕਣਾ ਹੈ ਤਾਂ ਹੜ੍ਹਾਂ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।
ਫਗਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਨਾ ਦਮਨਕਾਰੀ ਨੀਤੀ ਦਾ ਪ੍ਰਗਟਾਵਾ ਹੈ ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ ਤੇ ਸਰਕਾਰ ਦਾ ਇਹ ਕਾਰਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ,ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ ਅਤੇ ਸੁਖਪਾਲ ਸਿੰਘ ਰਾਈਵਾਲ ਨੇ ਅੱਜ ਲੌਗੋਵਾਲ ਵਿਚ ਬੀ.ਕੇ.ਯੂ (ਆਜ਼ਾਦ) ਵੱਲੋਂ ਲਗਾਏ ਧਰਨੇ ਉੱਪਰ ਸੰਗਰੂਰ ਪੁਲੀਸ ਵੱਲੋਂ ਕੀਤੇ ਅੰਨੇਵਾਹ ਲਾਠੀਚਾਰਜ ਨਾਲ ਮੰਡੇਰ ਕਲਾਂ ਦੇ ਕਿਸਾਨ ਪ੍ਰੀਤਮ ਸਿੰਘ ਦੀ ਹੋਈ ਮੌਤ ਨੂੰ ਸਰਕਾਰੀ ਕਤਲ ਦੱਸਿਆ।