ਅਰੋੜਾ ਵੱਲੋਂ ਸੁਨਾਮ ਵਿੱਚ 6 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਮਾਰਚ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੱਖ-ਵੱਖ ਪਿੰਡਾਂ ’ਚ ਤਕਰੀਬਨ ਛੇ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਵੱਲੋਂ ਪਿੰਡ ਖੇੜੀ ਵਿੱਚ 2.15 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ-ਪਾਤੜਾਂ ਰੋਡ ਤੋਂ ਈਲਵਾਲ ਤੱਕ ਲਿੰਕ ਸੜਕ ਅਤੇ ਪਿੰਡ ਨਮੋਲ ਵਿੱਚ 1.5 ਕਰੋੜ ਰੁਪਏ ਦੀ ਲਾਗਤ ਨਾਲ ਡੇਰਾ ਬਾਬਾ ਦੁਧੇਸ਼ਵਰ ਧਾਮ ਨੂੰ ਜਾਂਦੀ ਸੜਕ ਚੌੜੀ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚੀਮਾ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਮੋਘਿਆਂ ਦੇ ਕੰਮ ਅਤੇ 60 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ। ਉਨ੍ਹਾਂ ਵੱਲੋਂ ਪਿੰਡ ਚੌਵਾਸ ਵਿੱਚ 18 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਦੇ ਸ਼ੈੱਡ ਅਤੇ ਸੜਕ ਬਣਾਉਣ ਦੇ ਕੰਮ ਦੀ ਵੀ ਨੀਂਹ ਰੱਖੀ ਗਈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਈਲਵਾਲ, ਕੰਮੋਮਾਜਰਾ ਕਲਾਂ, ਕਨੋਈ, ਖੇੜੀ, ਬਹਾਦਰਪੁਰ, ਭੰਮਾਬੱਦੀ, ਕਿਲਾ ਭਰੀਆਂ, ਮੰਡੇਰ ਖੁਰਦ, ਦਿਆਲਗੜ੍ਹ, ਸਾਹੋਕੇ ਤੇ ਘਾਸੀਵਾਲਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੂੰ 40 ਲੱਖ 50 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ।ਇਸ ਮੌਕੇ ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਦੇ ਵਿਧਾਇਕ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਾਂਗ ਸੁਨਾਮ ਹਲਕੇ ’ਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰਾਜੈਕਟ ਨੂੰ ਪਾਰਦਰਸ਼ੀ ਢੰਗ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਐੱਸ.ਡੀ.ਐੱਮ. ਮਨਜੀਤ ਕੌਰ, ਬੀ.ਡੀ.ਪੀ.ਓ. ਗੁਰਦਰਸ਼ਨ ਸਿੰਘ, ਗੁਰਿੰਦਰਪਾਲ ਸਿੰਘ ਖੇੜੀ, ਮਨਦੀਪ ਸਿੰਘ, ਦੀਪ ਸਰਪੰਚ, ਬਲਜਿੰਦਰ ਸਿੰਘ ਈਲਵਾਲ, ਸਰਪੰਚ ਜਸਦੀਪ ਸਿੰਘ ਬਹਾਦਰਪੁਰ, ਹਰਜੀਤ ਸਿੰਘ, ਸੁਖਦਰਸ਼ਨ ਸਿੰਘ, ਗੁਰਚਰਨ ਸਿੰਘ ਸਰਪੰਚ ਚੌਵਾਸ, ਰਾਜ ਸ਼ਰਮਾ ਤੇ ਜਰਨੈਲ ਸਿੱਧੂ ਸਮੇਤ ਪਤਵੰਤੇ ਹਾਜ਼ਰ ਸਨ।