ਫੌਜ ਵਲੋਂ ਮੁਕਾਬਲੇ ’ਚ ਮਾਰੇ ਤਿੰਨ ‘ਅਤਿਵਾਦੀਆਂ’ ਬਾਰੇ ਜਾਣਕਾਰੀ ਲਈ ਇਸ਼ਤਿਹਾਰ ਜਾਰੀ
ਸ੍ਰੀਨਗਰ, 19 ਅਗਸਤ
ਫੌਜ ਨੇ ਬੁੱਧਵਾਰ ਨੂੰ ਸਥਾਨਕ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਪਿਛਲੇ ਮਹੀਨੇ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਕਥਿਤ ਅਤਿਵਾਦੀਆਂ ਬਾਰੇ ‘ਠੋਸ’ ਜਾਣਕਾਰੀ ਸਾਂਝੀ ਕਰਨ ਲਈ ਆਖਿਆ ਹੈ। ਦੱਸਣਯੋਗ ਹੈ ਜੰਮੂ ਖੇਤਰ ਦੇ ਰਾਜੌਰੀ ਵਿੱਚ ਤਿੰਨ ਪਰਿਵਾਰਾਂ ਨੇ ਦੋਸ਼ ਲਾਏ ਸਨ ਕਿ ਮੁਕਾਬਲੇ ਵਾਲੀ ਥਾਂ ਨੇੜਲੇ ਖੇਤਰ ’ਚੋਂ ਉਨ੍ਹਾਂ ਦੇ ਤਿੰਨ ਨੌਜਵਾਨ ਉਸੇ ਤਰੀਕ ਤੋਂ ਲਾਪਤਾ ਹਨ। ਲੈਫਟੀ. ਕਰਨਲ ਸੋਨਲ ਜੈਨ ਵਲੋਂ ਜਾਰੀ ਇਸ਼ਤਿਹਾਰ ਵਿੱਚ ਕਿਹਾ ਗਿਆ, ‘‘ਜ਼ਿਲ੍ਹਾ ਸ਼ੋਪੀਆਂ ਦੇ ਪਿੰਡ ਅਮਸ਼ੀਪੋਰਾ ਵਿੱਚ 18 ਜੁਲਾਈ, 2020 ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਸਬੰਧੀ ਕਿਸੇ ਕੋਲ ਕੋਈ ਠੋਸ ਜਾਣਕਾਰੀ ਹੋਵੇ ਤਾਂ ਉਹ ਕ੍ਰਿਪਾ ਕਰਕੇ ਡਿਪਟੀ ਜੀਓਸੀ (ਜਨਰਲ ਆਫੀਸਰ ਕਮਾਂਡ)… ਨੂੰ ਟੈਲੀਫੋਨ ਨੰਬਰ 01933-247026 ’ਤੇ ਫੋਨ ਕਰਕੇ ਅਗਲੇ 10 ਦਨਿਾਂ ਦੇ ਅੰਦਰ ਜਾਣਕਾਰੀ ਦੇਵੇ। ਜਾਣਕਾਰੀ ਦੇਣ ਵਾਲੇ ਦੀ ਪਛਾਣ ਅਤੇ ਵੇਰਵੇ ਗੁਪਤ ਰੱਖੇ ਜਾਣਗੇ।’’
-ਪੀਟੀਆਈ
ਮੁਕਾਬਲੇ ਦੀ ਜਾਂਚ ਲਈ ਸੀਟੂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀ
ਜੰਮੂ: ਸ਼ੋਪੀਆਂ ਜ਼ਿਲ੍ਹੇ ’ਚ ਕਥਿਤ ਮੁਕਾਬਲੇ ਦੌਰਾਨ ਤਿੰਨ ‘ਦਹਿਸ਼ਤਗਰਦਾਂ’ ਨੂੰ ਮਾਰ ਮੁਕਾਏ ਜਾਣ ਦੀ ਜਾਂਚ ਲਈ ਸੀਟੂ (ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼) ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਸੀਪੀਐੱਮ ਨਾਲ ਜੁੜੀ ਇਸ ਜਥੇਬੰਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ ਵਕੀਲ ਸੁਭਾਸ਼ ਚੰਦਰਨ ਰਾਹੀਂ ਕਮਿਸ਼ਨ ਕੋਲ ਮੰਗਲਵਾਰ ਨੂੰ ਕੀਤੀ ਗਈ ਸ਼ਿਕਾਇਤ ’ਚ ਸੀਟੂ ਦੀ ਜੰਮੂ ਕਸ਼ਮੀਰ ਇਕਾਈ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਨੇ ਪਿਛਲੇ ਮਹੀਨੇ ਹੋਏ ਮੁਕਾਬਲੇ ’ਤੇ ਸਵਾਲ ਉਠਾਏ ਹਨ। ਇਹ ਮੁਕਾਬਲਾ 18 ਜੁਲਾਈ ਨੂੰ ਹੋਇਆ ਸੀ।
-ਪੀਟੀਆਈ