ਦੇਸ਼ ਦੀ ਫ਼ੌਜ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ: ਰਾਜਨਾਥ
ਨਵੀਂ ਦਿੱਲੀ, 11 ਅਕਤੂਬਰ
ਪੂਰਬੀ ਲੱਦਾਖ ’ਚ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੈਨਾ ਦੇ ਉੱਚ ਕਮਾਂਡਰਾਂ ਨੂੰ ਸੰਬੋਧਨ ਕੀਤਾ ਤੇ ਭਰੋਸਾ ਜ਼ਾਹਿਰ ਕੀਤਾ ਕਿ ਸੈਨਾ ਕਿਸੇ ਦੀ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਹਾਲਾਂਕਿ ਕਿਹਾ ਕਿ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਨਾਲ ਹਰ ਪੱਧਰ ’ਤੇ ਚੱਲ ਰਹੀ ਗੱਲਬਾਤ ਜਾਰੀ ਰਹੇਗੀ। ਇਸ ਸਾਲ ਦੇ ਸੈਨਾਂ ਕਮਾਂਡਰਾਂ ਦੇ ਦੂਜੇ ਸੰਮੇਲਨ ਦਾ ਪਹਿਲਾ ਗੇੜ ਸਿੱਕਮ ਦੇ ਗੰਗਟੋਕ ਦੇ ਇੱਕ ਸਰਹੱਦੀ ਖੇਤਰ ’ਚ ਸ਼ੁਰੂ ਹੋਇਆ। ਸੰਮੇਲਨ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, ‘ਜੰਗ ਦੀ ਤਿਆਰੀ ਲਗਾਤਾਰ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਆਪਣੀ ਜੰਗੀ ਸਮਰੱਥਾ ਤੇ ਹਥਿਆਰ ਤਕਨੀਕ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਜਦੋਂ ਵੀ ਲੋੜ ਹੋਵੇ ਅਸਰਦਾਰ ਢੰਗ ਨਾਲ ਕੰਮ ਕੀਤਾ ਜਾ ਸਕੇ।’ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਸਿੱਕਮ ਨਾ ਪਹੁੰਚ ਪਾਉਣ ਕਾਰਨ ਰਾਜਨਾਥ ਸਿੰਘ ਨੇ ਸੁਕਮਾ (ਪੱਛਮੀ ਬੰਗਾਲ) ’ਚ ਫੌਜੀ ਟਿਕਾਣੇ ਤੋਂ ਡਿਜੀਟਲ ਢੰਗ ਰਾਹੀਂ ਫੌਜੀ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। -ਪੀਟੀਆਈ