ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਦਵਿੰਦਰ ਸਿੰਘ ਭੰਗੂ
ਰਈਆ, 7 ਜਨਵਰੀ
ਸਬ ਡਵੀਜ਼ਨ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਜੱਬੋਵਾਲ ਦੇ ਫ਼ੌਜੀ ਜਵਾਨ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ। ਇਸ ਮੌਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਫੁੱਲਮਾਲਾਵਾਂ ਭੇਟ ਕੀਤੀਆਂ। ਪਿੰਡ ਜੱਬੋਵਾਲ ਦਾ ਨੌਜਵਾਨ ਜੁਗਰਾਜ ਸਿੰਘ ਜੋ 16 ਸਿੱਖ ਲਾਈਟ ਵਿੱਚ ਤਾਇਨਾਤ ਸੀ ਅਤੇ 49 ਆਰ ਆਰ ਰਜੌਰੀ ਡਿਊਟੀ ਦੌਰਾਨ ਉਸ ਦੀ ਅਚਾਨਕ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਫ਼ੌਜੀ ਜਵਾਨਾਂ ਦੀ ਟੁਕੜੀ ਵੱਲੋਂ ਪਿੰਡ ਲਿਆਂਦਾ ਗਿਆ ਅਤੇ ਫ਼ੌਜ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਫ਼ੌਜੀ ਸਨਮਾਨਾਂ ਨਾਲ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ ਅਤੇ ਤਹਿਸੀਲਦਾਰ ਤਰਸਿੱਕਾ ਅੰਤਿਕਾ ਮਹਾਜਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਇੰਸਪੈਕਟਰ ਬਲਜਿੰਦਰ ਸਿੰਘ ਨੇ ਫੁੱਲਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਮ੍ਰਿਤਕ ਜਵਾਨ ਦੇ ਪਰਿਵਾਰ ਵਿੱਚ ਪਤਨੀ ਬਲਜਿੰਦਰ ਕੌਰ ਅਤੇ ਤਿੰਨ ਸਾਲ ਦਾ ਬੇਟਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ, ਮਨਜੀਤ ਸਿੰਘ, ਅੰਗਰੇਜ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਪੁੱਜੇ ਹੋਏ ਸਨ।