For the best experience, open
https://m.punjabitribuneonline.com
on your mobile browser.
Advertisement

ਫੌਜ ਵੱਲੋਂ ਅਜਨਾਲਾ ਰੋਡ ਨੂੰ ਚੌੜਾ ਕਰਨ ਦਾ ਭਰੋਸਾ: ਧਾਲੀਵਾਲ

08:38 AM Nov 29, 2024 IST
ਫੌਜ ਵੱਲੋਂ ਅਜਨਾਲਾ ਰੋਡ ਨੂੰ ਚੌੜਾ ਕਰਨ ਦਾ ਭਰੋਸਾ  ਧਾਲੀਵਾਲ
ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ।
Advertisement

ਹਤਿੰਦਰ ਮਹਿਤਾ
ਜਲੰਧਰ, 28 ਨਵੰਬਰ
ਪਰਵਾਸੀ ਭਾਰਤੀ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਫੌਜ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਅਧਿਕਾਰੀਆਂ ਵੱਲੋਂ ਅਜਨਾਲਾ ਸੜਕ ਨੂੰ 5.5 ਮੀਟਰ ਦੀ ਚੌੜਾਈ ਤੋਂ ਵਧਾ ਕੇ 7 ਮੀਟਰ ਕਰਨ ਦਾ ਭਰੋਸਾ ਦਿੱਤਾ ਗਿਆ। 11 ਕਾਰਪਸ ਹੈੱਡਕੁਆਰਟਰ ਜਲੰਧਰ ਕੈਂਟ ’ਚ ਹੋਈ ਮੀਟਿੰਗ ਸਬੰਧੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਹੱਦੀ ਹਲਕੇ ਦੇ ਲੋਕਾਂ ਦੀ ਇਸ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਇਲਾਕੇ ਵਿੱਚ ਅਵਾਜਾਈ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ 72 ਕਿਲੋਮੀਟਰ ਲੰਬੀ ਇਹ ਸੜਕ ਫੌਜ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੇ ਸੀਜ਼ਨ ਦੌਰਾਨ ਭਰੀਆਂ ਟਰਾਲੀਆਂ ਲੰਘਣ ਕਰਕੇ ਵੱਡੇ ਸੜਕੀ ਜਾਮ ਲੱਗੇ ਸਨ ਅਤੇ ਉਨ੍ਹਾਂ ਵੱਲੋਂ ਇਸ ਸਮੱਸਿਆ ਨੂੰ ਰੱਖਿਆ ਮੰਤਰਾਲੇ ਪਾਸ ਉਠਾਇਆ ਗਿਆ ਸੀ, ਜਿਸ ਦੇ ਸਿੱਟੇ ਵਜੋਂ ਅੱਜ ਲੈਫਟੀਨੈਂਟ ਜਨਰਲ ਅਜੈ ਚਾਂਦਪੂਰੀਆ ਅਤੇ ਉਨ੍ਹਾਂ ਦੀ ਟੀਮ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜ ਦੇ ਉਚ ਅਧਿਕਾਰੀਆਂ ਵੱਲੋਂ ਮੌਕੇ ’ਤੇ ਇਸ ਦਾ ਜਾਇਜ਼ਾ ਲੈ ਕੇ ਸੜਕ ਨੂੰ ਚੌੜਾ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਅਗਲੇ ਸਾਲ ਮੁਕੰਮਲ ਕਰਨ ਲਈ ਵੀ ਕਿਹਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਵਾਜਾਈ ਨੂੰ ਨਿਰਵਿਘਨ ਢੰਗ ਨਾਲ ਜਾਰੀ ਰੱਖਣ ਲਈ ਗੰਨੇ ਦੀ ਬੈਲਟ ਵਾਲੀਆਂ ਸੜਕਾਂ ਨੂੰ 10 ਮੀਟਰ ਤੱਕ ਚੌੜਾ ਕਰਨ ਦੀ ਵੀ ਅਪੀਲ ਕੀਤੀ, ਜਿਸ ’ਤੇ ਫੌਜ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਅਜਿਹੀਆਂ ਸੜਕਾਂ ਦਾ ਮੁਆਇਨਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਜਿਥੇ ਇਲਾਕੇ ਨਾਲ ਸੰਪਰਕ ਵਿੱਚ ਹੋਰ ਸੁਧਾਰ ਹੋਵੇਗਾ, ਉਥੇ ਹੀ ਫੌਜ, ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਰਾਹਤ ਵੀ ਪ੍ਰਦਾਨ ਹੋਵੇਗੀ । ਸ੍ਰੀ ਧਾਲੀਵਾਲ ਨੇ ਕਿਹਾ ਕਿ ਸੜਕ ਨੂੰ ਚੌੜਾ ਕਰਨ ਦਾ ਭਰੋਸਾ ਸਰਹੱਦੀ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਫੌਜ ਦੇ ਉਚ ਅਧਿਕਾਰੀਆਂ ਵਲੋਂ ਅਜਨਾਲਾ ਬਾਈਪਾਸ ਬਣਾਉਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਕੈਬਨਿਟ ਮੰਤਰੀ ਨੇ ਰੱਖਿਆ ਮੰਤਰਾਲੇ ਦੇ ਇਸ ਉਸਾਰੂ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸੜਕ ਅਜਨਾਲਾ-ਲੋਪੇਕੇ, ਸੋਹਲ ਵਾਇਆ ਤਲਵੰਡੀ ਰਾਏਦਾਦੂ, ਪੂੰਗਾ, ਭਿੰਡੀ ਸੈਦਾਂ ਤੋਂ ਹੁੰਦੀ ਹੋਈ ਲੰਘਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਗੰਨਾ ਅਤੇ ਕਣਕ-ਝੋਨਾ ਮੰਡੀਆਂ ਵਿੱਚ ਲਿਜਾਣ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

Advertisement

Advertisement
Advertisement
Author Image

sukhwinder singh

View all posts

Advertisement