ਥਲ ਸੈਨਾ ਮੁਖੀ ਜਨਰਲ ਦਿਵੇਦੀ ਵੱਲੋਂ ਦੇਹਰਾਦੂਨ ’ਚ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ
ਨਵੀਂ ਦਿੱਲੀ, 30 ਦਸੰਬਰ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਦੇਹਰਾਦੂਨ ਦਾ ਦੌਰਾ ਕਰਕੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਉਹ ਫੌਜੀ ਜਵਾਨਾਂ ਨੂੰ ਵੀ ਮਿਲੇ ਅਤੇ ਅਧਿਕਾਰੀਆਂ ਤੋਂ ਸੁਰੱਖਿਆ ਤਰਜੀਹਾਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਜਾਣਕਾਰੀ ਲਈ। ਸੂਤਰਾਂ ਮੁਤਾਬਕ ਉਨ੍ਹਾਂ ਪੇਚੀਦਾ ਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੁਰੱਖਿਆ ਮਾਹੌਲ ਵਿੱਚ ਸਭ ਤੋਂ ਵੱਧ ਅਪਰੇਸ਼ਨ ਨਿਪੁੰਨਤਾ ਬਣਾਈ ਰੱਖਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਵੀ ਮੌਜੂਦ ਸਨ। ਜਨਰਲ ਦਿਵੇਦੀ ਨੇ ‘ਉੱਤਰ ਭਾਰਤ ਏਰੀਆ’ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀਜੀ ਮਿਸ਼ਰਾ ਅਤੇ ‘ਗੋਲਡਨ ਕੀ ਡਿਵੀਜ਼ਨ’ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਨਵੀਨ ਮਹਾਜਨ ਤੋਂ ਜਾਣਕਾਰੀ ਹਾਸਲ ਕੀਤੀ। ਸੂਤਰਾਂ ਨੇ ਦੱਸਿਆ ਕਿ ਫੌਜ ਮੁਖੀ ਨੇ ਭਵਿੱਖੀ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਉਪਕਰਨਾਂ ਦੇ ਆਧੁਨਿਕੀਕਰਨ, ਸਿਖਲਾਈ ਦੇ ਮਿਆਰਾਂ ਵਿੱਚ ਸੁਧਾਰ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਇੱਕ ਮੌਕੇ ਜਨਰਲ ਦਿਵੇਦੀ ਨੇ ਜਵਾਨਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। -ਪੀਟੀਆਈ