ਸ਼ਾਂਤੀ ਕਾਇਮ ਰੱਖਣ ਲਈ ਫੌਜ ਹਮੇਸ਼ਾ ਤਿਆਰ ਰਹੇ: ਰਾਜਨਾਥ
* ਰੱਖਿਆ ਮੰਤਰੀ ਨੇ ਥਲ, ਜਲ ਅਤੇ ਹਵਾਈ ਫੌਜ ਦੇ ਸਿਖਰਲੇ ਕਮਾਂਡਰਾਂ ਦੀ ਕਾਨਫਰੰਸ ਨੂੰ ਕੀਤਾ ਸੰਬੋਧਨ
* ਯੂਕਰੇਨ, ਗਾਜ਼ਾ ਅਤੇ ਬੰਗਲਾਦੇਸ਼ ਦੇ ਹਾਲਾਤ ਦਾ ਕੀਤਾ ਜ਼ਿਕਰ
ਲਖਨਊ, 5 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸ਼ਾਂਤੀ ਬਹਾਲੀ ਲਈ ਫੌਜ ਨੂੰ ਹਮੇਸ਼ਾ ਤਿਆਰ ਰਹਿਣ ਦੀ ਲੋੜ ਹੈ। ਥਲ, ਜਲ ਅਤੇ ਹਵਾਈ ਫੌਜ ਦੇ ਸਿਖਰਲੇ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਯੂਕਰੇਨ ਅਤੇ ਗਾਜ਼ਾ ’ਚ ਚੱਲ ਰਹੀ ਜੰਗ ਦੇ ਨਾਲ ਨਾਲ ਬੰਗਲਾਦੇਸ਼ ਦੇ ਹਾਲਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਨ੍ਹਾਂ ਆਲਮੀ ਘਟਨਾਵਾਂ ਦਾ ਫੌਜ ਨੂੰ ਅਧਿਐਨ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਅਣਕਿਆਸੇ ਹਾਲਾਤ ਨਾਲ ਸਿੱਝਣ ਲਈ ਹਮੇਸ਼ਾ ਤਿਆਰ ਰਹਿਣ। ਉਨ੍ਹਾਂ ਕਿਹਾ, ‘‘ਭਾਰਤ ਸ਼ਾਂਤੀ ਪਸੰਦ ਮੁਲਕ ਹੈ ਅਤੇ ਹਥਿਆਰਬੰਦ ਬਲਾਂ ਨੂੰ ਸ਼ਾਂਤੀ ਬਹਾਲੀ ਲਈ ਜੰਗ ਵਾਸਤੇ ਹਮੇਸ਼ਾ ਤਿਆਰ ਰਹਿਣ ਦੀ ਲੋੜ ਹੈ। ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਸਾਂਝੇ ਫੌਜੀ ਨਜ਼ਰੀਏ ’ਤੇ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ ਹੈ।’’ ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ’ਚ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਚੱਲ ਰਹੇ ਸਰਹੱਦੀ ਵਿਵਾਦ ਦਾ ਹਵਾਲਾ ਵੀ ਦਿੱਤਾ ਅਤੇ ਹਾਲਾਤ ਦੇ ਡੂੰਘੇ ਅਧਿਐਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਉਤਰਾਅ-ਚੜ੍ਹਾਅ ਵਾਲੇ ਮਾਹੌਲ ’ਚ ਵਧ ਰਹੀਆਂ ਚੁਣੌਤੀਆਂ ਲਈ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਮਾਂਡਰਾਂ ਨੂੰ ਸੱਦਾ ਦਿੱਤਾ ਕਿ ਉਹ ਫੌਜ ਦੇ ਜ਼ਖ਼ੀਰੇ ’ਚ ਆਧੁਨਿਕ ਅਤੇ ਰਵਾਇਤੀ ਜੰਗੀ ਸਾਜ਼ੋ-ਸਾਮਾਨ ਨੂੰ ਸ਼ਾਮਲ ਕਰਨ। ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। -ਪੀਟੀਆਈ