ਹਥਿਆਰ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਜਗਤਾਰ ਸਿੰਘ ਲਾਬਾ
ਅੰਮ੍ਰਿਤਸਰ, 22 ਨਵੰਬਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਅਤਿ-ਆਧੁਨਿਕ 9 ਐੱਮ.ਐੱਮ. ਗਲੌਕ ਪਿਸਤੌਲਾਂ ਸਮੇਤ 10 ਪਿਸਤੌਲ ਤੇ 10 ਰੌਂਦ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਵਿਨੋਦ ਕੁਮਾਰ ਉਰਫ ਰੰਗੀਲਾ, ਯੁਵਰਾਜ ਸਿੰਘ, ਸੁਰਖਾਬ ਸਿੰਘ, ਜੁਗਰਾਜ ਸਿੰਘ ਉਰਫ ਜੱਗੂ ਸਾਰੇ ਅੰਮ੍ਰਿਤਸਰ ਵਾਸੀ, ਬਟਾਲਾ ਦੇ ਪਿੰਡ ਸ਼ੇਰਪੁਰ ਦੇ ਅੰਮ੍ਰਿਤਪਾਲ ਸਿੰਘ ਅਤੇ ਬਟਾਲਾ ਦੇ ਪਿੰਡ ਮੁਮਰਾਈ ਦਾ ਰਹਿਣ ਵਾਲੇ ਪ੍ਰਭਦੀਪ ਸਿੰਘ ਉਰਫ ਹਰਮਨ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ, ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਨੂੰ ਭਾਰਤੀ ਖੇਤਰ ਵਿੱਚ ਪਹੁੰਚਾਉਂਦੇ ਸਨ। ਇਸ ਸਬੰਧੀ ਪੱਤਰਕਾਰ ਸੰਮੇਲਨ ਵਿਚ ਪੁਲੀਸ ਕਮਿਸ਼ਨਰ (ਸੀ.ਪੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਦੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਮੂਲੀਅਤ ਬਾਰੇ ਮਿਲੀ ਪੁਖ਼ਤਾ ਇਤਲਾਹ ਦੇ ਆਧਾਰ ’ਤੇ ਸੀ.ਆਈ.ਏ. ਦੀਆਂ ਟੀਮਾਂ ਨੇ ਜਾਲ ਵਿਛਾਇਆ ਅਤੇ ਉਸ ਨੂੰ ਪ੍ਰਭਦੀਪ ਸਮੇਤ ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਖੁਲਾਸੇ ’ਤੇ, ਪੁਲੀਸ ਟੀਮਾਂ ਨੇ ਵੇਰਕਾ ਬਾਈਪਾਸ ਦੇ ਨੇੜੇ ਉਨ੍ਹਾਂ ਦੇ ਟਿਕਾਣੇ ਤੋਂ ਦੋ 9 ਐੱਮਐੱਮ ਗਲੌਕ ਪਿਸਤੌਲ ਅਤੇ ਪੰਜ .32 ਬੋਰ ਦੇ ਪਿਸਤੌਲਾਂ ਸਮੇਤ ਛੇ ਕਾਰਤੂਸ ਬਰਾਮਦ ਕੀਤੇ ਹਨ।
ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਕ ਹੋਰ ਕਾਰਵਾਈ ਦੌਰਾਨ ਪੁਲੀਸ ਟੀਮ ਨੇ ਮੁਲਜ਼ਮ ਜੁਗਰਾਜ ਸਿੰਘ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਖ਼ਾਲਸਾ ਕਾਲਜ ਦੇ ਪਿਛਲੇ ਪਾਸਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਖੁਲਾਸੇ ’ਤੇ ਉਨ੍ਹਾਂ ਕੋਲੋਂ ਇਕ ਗਲੌਕ ਪਿਸਤੌਲ ਅਤੇ ਦੋ .32 ਬੋਰ ਦੇ ਪਿਸਤੌਲ ਸਮਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ।