For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਅਤੇ ਹੋਰ ਨਿਸ਼ਾਨੀਆਂ

07:20 AM Jun 19, 2024 IST
ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਅਤੇ ਹੋਰ ਨਿਸ਼ਾਨੀਆਂ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ।
Advertisement

ਦਿਲਜੀਤ ਸਿੰਘ ਬੇਦੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਦਸਵੇਂ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਇਤਿਹਾਸਕ ਸ਼ਸਤਰ ਅਤੇ ਹੋਰ ਨਿਸ਼ਾਨੀਆਂ ਸਿੱਖ ਇਤਿਹਾਸ ਤੇ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਹਨ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਖੰਡਾ: ਇਹ ਉਹ ਦੋਧਾਰੀ ਖੰਡਾ ਹੈ ਜਿਸ ਨਾਲ 1699 ਈ. ਦੀ ਵਿਸਾਖੀ ਸਮੇਂ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਵੇਲੇ ‘ਖੰਡੇ ਦੀ ਪਾਹੁਲ’ ਤਿਆਰ ਕੀਤੀ ਸੀ ਅਤੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਸੀ। 1942 ਵਿਚ ਇੱਕ ਵਾਰ ਇਸ ਖੰਡੇ ਨੂੰ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਲਿਜਾਇਆ ਗਿਆ ਸੀ ਅਤੇ ਇਸ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਕਰ ਕੇ ਅੰਮ੍ਰਿਤ ਛਕਾਇਆ ਗਿਆ ਸੀ। 1942 ਤੋਂ ਬਾਅਦ ਇਸ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਇਸ ਨੂੰ ਮੁੜ ਕਦੇ ਨਹੀਂ ਵਰਤਿਆ ਗਿਆ। ਇਸ ਨੂੰ ਮੁੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਗਿਆ ਹੈ।
ਕਟਾਰ: ਇਹ ਗੁਰੂ ਸਾਹਿਬ ਦੇ ਕਮਰਕੱਸੇ ਦਾ ਸ਼ਸਤਰ ਹੈ ਜਿਸ ਨੂੰ ਗੁਰੂ ਜੀ ਹੱਥੋ-ਹੱਥ ਲੜਾਈ ਵੇਲੇ ਵਰਤਿਆ ਕਰਦੇ ਸਨ। ਇਹ ਕਟਾਰ ਸੰਜੋਆਂ ਤੋੜਨ ਵਿਚ ਸਹਾਈ ਹੁੰਦਾ ਸੀ। ਜਦੋਂ ਹੱਥੋ-ਹੱਥ ਲੜਾਈ ਵਿਚ ਇਸ ਨਾਲ ਵਾਰ ਹੋ ਜਾਂਦਾ ਤਾਂ ਦੁਸ਼ਮਣ ਬਚ ਨਹੀਂ ਸਕਦਾ ਸੀ।
ਸੈਫ਼: ਇਹ ਦੋ ਧਾਰੀ ਸ਼ਸਤਰ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੈਫ਼ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੀ ਸੀ। ਇਸ ਨੂੰ ਹਜ਼ਰਤ ਅਲੀ ਦੇ ਬੱਚਿਆਂ ਹਸਨ ਤੇ ਹੁਸੈਨ ਨੇ ਵੀ ਵਰਤਿਆ ਸੀ। ਇਹ ਸੈਫ਼ ਇਸਲਾਮੀ ਖਲੀਫਿਆਂ ਨੇ ਔਰੰਗਜ਼ੇਬ ਦੀ ਇਸਲਾਮ ਸੇਵਾ ਨੂੰ ਮੁੱਖ ਰੱਖਦਿਆਂ ਉਸ ਨੂੰ ਭੇਟ ਕੀਤੀ ਜੋ ਬਾਅਦ ਵਿਚ ਬਹਾਦਰ ਸ਼ਾਹ ਤੱਕ ਪਹੁੰਚੀ। ਕੁਝ ਸੋਮਿਆਂ ਅਨੁਸਾਰ ਇਹ ਸੈਫ਼ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਆਗਰਾ ਵਿੱਚ ਭੇਟ ਕੀਤੀ ਸੀ।
ਬੰਦੂਕ: ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਪਿੱਛੋਂ ਸਿੱਖਾਂ ਨੂੰ ਚੰਗੇ ਘੋੜੇ, ਸ਼ਸਤਰ ਆਦਿ ਲੈ ਕੇ ਆਉਣ ਲਈ ਹੁਕਮਨਾਮੇ ਭੇਜੇ ਸਨ। ਇਸੇ ਤਹਿਤ ਇਹ ਬੰਦੂਕ ਲਾਹੌਰ ਦੇ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਭੇਟ ਕੀਤੀ ਸੀ। ਇਹ ਲਾਹੌਰ ਦੇ ਸ਼ਸਤਰਖਾਨੇ ਦੀ ਬਣੀ ਹੋਈ ਹੈ। ਇਸ ’ਤੇ ਉਰਦੂ ਵਿਚ ਕੁੱਝ ਲਿਖਿਆ ਹੋਇਆ ਹੈ।
ਨਾਗਨੀ ਬਰਛਾ: ਇਹ ਬਰਛਾ ਗੁਰੂ ਸਾਹਿਬ ਦਾ ਨਿੱਜੀ ਬਰਛਾ ਸੀ ਜਿਸ ਦਾ ਅਗਲਾ ਹਿੱਸਾ ਸੱਪਣੀ ਵਾਂਗ ਵਲ਼ ਖਾਂਦਾ ਬਣਿਆ ਹੋਇਆ ਹੈ। ਇਸੇ ਕਰਕੇ ਇਸ ਨੂੰ ਨਾਗਨੀ ਬਰਛਾ ਕਿਹਾ ਜਾਂਦਾ ਹੈ। ਸਤੰਬਰ 1700 ਵਿਚ ਜਦੋਂ ਅਜਮੇਰ ਚੰਦ ਨੇ ਹੋਰ ਪਹਾੜੀ ਰਾਜਿਆਂ ਨਾਲ ਆਨੰਦਪੁਰ ਸਾਹਿਬ ’ਤੇ ਹਮਲਾ ਕੀਤਾ ਤਾਂ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਮਦਮਸਤ ਹਾਥੀ, ਜਿਸ ਦੇ ਮੱਥੇ ’ਤੇ ਫੌਲਾਦੀ ਤਵੀਆਂ ਬੰਨ੍ਹੀਆਂ ਹੋਈਆਂ ਸਨ, ਨੂੰ ਅੱਗੇ ਕੀਤਾ। ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਭਾਈ ਬਚਿੱਤਰ ਸਿੰਘ ਨੇ ਇਸ ਨਾਗਨੀ ਬਰਛੇ ਨਾਲ ਹਾਥੀ ’ਤੇ ਅਜਿਹਾ ਵਾਰ ਕੀਤਾ ਕਿ ਉਹ ਚੰਘਿਆੜਦਾ ਹੋਇਆ ਪਹਾੜੀ ਫੌਜਾਂ ਨੂੰ ਕੁਚਲਦਾ ਪਿਛਾਂਹ ਨੂੰ ਭੱਜ ਉਠਿਆ।
ਕਰਪਾ ਬਰਛਾ: ਇਹ ਕਰਪਾ ਬਰਛਾ ਦਸਮ ਗੁਰੂ ਦਾ ਹੈ। ਜਦੋਂ ਗੁਰੂ ਜੀ ਦੇ ਵਿਆਹ ਦੀ ਗੱਲ ਮਾਤਾ ਜੀਤੋ ਜੀ ਨਾਲ ਤੁਰੀ ਤਾਂ ਗੁਰੂ ਸਾਹਿਬ ਨੇ ਬਰਾਤ ਲਾਹੌਰ ਲਿਜਾਣ ਦੀ ਖਾਹਸ਼ ਪੂਰੀ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਕੁਝ ਦੂਰ ਗੁਰੂ ਕਾ ਲਾਹੌਰ ਨਾਂ ਦਾ ਨਗਰ ਵਸਾਇਆ। ਇਥੇ ਪਾਣੀ ਦੀ ਕਿੱਲਤ ਸੀ ਅਤੇ ਗੁਰੂ ਸਾਹਿਬ ਨੇ ਇਸ ਬਰਛੇ ਨਾਲ ਜ਼ਮੀਨ ’ਚੋਂ ਪਾਣੀ ਦਾ ਝਰਨਾ ਵਗਾਇਆ। ਇਸ ਬਰਛੇ ਨਾਲ ਸਬੰਧਤ ਇੱਕ ਹੋਰ ਘਟਨਾ ਦਾ ਵੀ ਜ਼ਿਕਰ ਆਉਂਦਾ ਹੈ। ਸਤੰਬਰ 1700 ’ਚ ਲੋਹਗੜ੍ਹ ’ਤੇ ਪਹਾੜੀ ਫ਼ੌਜ ਵੱਲੋਂ ਹਮਲੇ ਸਮੇਂ ਕੇਸਰੀ ਚੰਦ ਨੇ ਇਹ ਕਹਿ ਕੇ ਚੜ੍ਹਾਈ ਕੀਤੀ ਸੀ ਕਿ ਜੇ ਉਹ ਹਾਰ ਗਿਆ ਤਾਂ ਵਾਪਸ ਮੂੰਹ ਨਹੀਂ ਦਿਖਾਏਗਾ। ਦਸਮ ਗੁਰੂ ਨੇ ਉਸ ਦਾ ਮੁਕਾਬਲਾ ਕਰਨ ਲਈ ਭਾਈ ਉਦੈ ਸਿੰਘ ਨੂੰ ਇਹ ਕਰਪਾ ਬਰਛਾ ਦੇ ਕੇ ਤੋਰਿਆ ਸੀ। ਇਸ ਜੰਗ ਵਿਚ ਜਿੱਥੇ ਭਾਈ ਬਚਿੱਤਰ ਸਿੰਘ ਨੇ ਮਦਮਸਤ ਹਾਥੀ ਨੂੰ ਰੋਕਿਆ ਉਥੇ ਹੀ ਭਾਈ ਉਦੈ ਸਿੰਘ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਇਸ ਬਰਛੇ ’ਤੇ ਰੱਖ ਕੇ ਗੁਰੂ ਸਾਹਿਬ ਕੋਲ ਪਹੁੰਚੇ ਸਨ।
• ਇੰਗਲੈਂਡ ਤੋਂ ਵਾਪਸ ਲਿਆਂਦੇ ਸ਼ਸਤਰ: ਇਹ ਛੇ ਸ਼ਸਤਰ ਗੁਰੂ ਗੋਬਿੰਦ ਸਿੰਘ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਸਨ। ਸਿੱਖ ਰਾਜ ਤੋਂ ਮਗਰੋਂ ਲਾਰਡ ਡਲਹੌਜੀ ਅੰਗਰੇਜ਼ ਇਹ ਸ਼ਸਤਰ ਇੰਗਲੈਂਡ ਲੈ ਗਿਆ ਸੀ। ਉਸ ਦੀ ਪੜਪੋਤੀ ਕੋਲੋਂ ਸੰਨ 1966 ਵਿਚ ਇਹ ਸ਼ਸਤਰ ਵਾਪਸ ਲਿਆਂਦੇ ਗਏ ਸਨ। ਇਹ ਛੇ ਸ਼ਸਤਰ ਹਨ:
ਵੱਡਾ ਬਰਛਾ: ਗੁਰੂ ਜੀ ਇਸ ਨਾਲ ਜੰਗਲੀ ਜਾਨਵਰ ਸ਼ੇਰ, ਚੀਤੇ ਆਦਿ ਦਾ ਸ਼ਿਕਰ ਖੇਡਦੇ ਸਨ ਅਤੇ ਜੰਗ ਵਿਚ ਵੀ ਇਸ ਦੀ ਵਰਤੋਂ ਕਰਦੇ ਸਨ।
ਛੋਟਾ ਬਰਛਾ: ਗੁਰੂ ਗੋਬਿੰਦ ਸਿੰਘ ਜੀ ਜੰਗ ਲੜਨ ਸਮੇਂ ਦੁਸ਼ਮਣ ’ਤੇ ਇਸ ਨੂੰ ਹੱਥੋਂ ਛੱਡ ਕੇ ਵਾਰ ਕਰਦੇ ਸਨ।
ਸ਼ਮਸ਼ੀਰ-ਏ-ਤੇਗ਼: ਇਹ ਗੁਰੂ ਗੋਬਿੰਦ ਸਿੰਘ ਦੇ ਕਮਰਕੱਸੇ ਦਾ ਸ਼ਸਤਰ ਹੈ। ਇਸ ਨਾਲ ਜੰਗ ਦੇ ਸਮੇਂ ਲੋਹੇ ਦੀ ਬਣੀ ਸੰਜੋਅ ਨੂੰ ਕੱਟ ਕੇ ਗੁਰੂ ਜੀ ਦੁਸ਼ਮਣ ਨੂੰ ਸਦਾ ਦੀ ਨੀਂਦ ਸੁਆ ਦਿੰਦੇ ਸਨ।
ਦਾਹੇ-ਆਹਨੀ: ਇਹ ਵੀ ਦਸਮ ਗੁਰੂ ਦੇ ਕਮਰਕੱਸੇ ਦਾ ਸ਼ਸਤਰ ਹੈ। ਮੁਗ਼ਲ ਫੌਜਾਂ ਦੇ ਸਿਰ ਉਪਰ ਲੋਹੇ ਦੇ ਟੋਪ ਪਹਿਨੇ ਹੁੰਦੇ ਸਨ। ਗੁਰੂ ਜੀ ਇਸ ਦੇ ਪਹਿਲੇ ਵਾਰ ਨਾਲ ਹੀ ਲੋਹੇ ਦਾ ਟੋਪ ਚੀਰ ਕੇ ਦੁਸ਼ਮਣ ਦਾ ਸਿਰ ਪਾੜ ਕੇ ਉਸ ਦਾ ਅੰਤ ਕਰ ਦਿੰਦੇ ਸਨ।
ਸੁਨਹਿਰੀ ਚੱਕਰ: ਇਹ ਇੱਕ ਪ੍ਰੇਮੀ ਸਿੱਖ ਨੇ ਗੁਰੂ ਜੀ ਨੂੰ ਭੇਟਾ ਕੀਤਾ। ਉਸ ਨੇ ਬੇਨਤੀ ਕੀਤੀ ਸੀ ਕਿ ਇਸ ਉਪਰ ਜਪੁਜੀ ਸਾਹਿਬ ਦੀਆਂ 22 ਪਾਉੜੀਆਂ ਲਿਖੀਆਂ ਹੋਈਆਂ ਹਨ ਤਾਂ ਗੁਰੂ ਜੀ ਨੇ ਇਸ ਨੂੰ ਆਪਣੇ ਸੀਸ ਉਪਰ ਸਜੇ ਦੁਮਾਲੇ ’ਤੇ ਸਜਾ ਲਿਆ।
ਢਾਲਾ: ਇਹ ਵੀ ਇਕ ਪ੍ਰੇਮੀ ਸਿੱਖ ਨੇ ਗੁਰੂ ਜੀ ਨੂੰ ਭੇਟ ਕੀਤਾ ਸੀ। ਗੈਂਡੇ ਦੀ ਖੱਲ ਦਾ ਬਣਿਆ ਇਹ ਢਾਲਾ ਗੁਰੂ ਜੀ ਹਮੇਸ਼ਾ ਜੰਗ ਕਰਨ ਸਮੇਂ ਆਪਣੇ ਕੋਲ ਰੱਖਦੇ ਸਨ। ਦੁਸ਼ਮਣ ਵੱਲੋਂ ਕੀਤੇ ਵਾਰ ਇਸ ਢਾਲੇ ਨਾਲ ਅਸਫ਼ਲ ਚਲੇ ਜਾਂਦੇ ਸਨ।
• ਗੁਰੂ ਸਾਹਿਬਾਨ ਦੀਆਂ ਇਤਿਹਾਸਿਕ ਨਿਸ਼ਾਨੀਆਂ: ਗੁਰੂ ਸਾਹਿਬਾਨ ਦੀਆਂ ਕੁਝ ਇਤਿਹਾਸਿਕ ਨਿਸ਼ਾਨੀਆਂ, ਜੋ ਨਾਭਾਵੰਸ਼ੀ ਹਨੂਵੰਤ ਸਿੰਘ ਦਿੱਲੀ ਲੈ ਗਏ ਸਨ, ਅਦਾਲਤ ਰਾਹੀਂ ਪੰਜਾਬ ਸਰਕਾਰ ਨੇ ਪ੍ਰਾਪਤ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਕਰਨ ਲਈ ਸੌਂਪੀਆਂ ਹਨ। ਇਨ੍ਹਾਂ ਇਤਿਹਾਸਕ ਨਿਸ਼ਾਨੀਆਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ ਅਤੇ ਰਾਮ ਸਿੰਘ ਨੂੰ ਭੇਜਿਆ ਸੀ।
2. ਗੁਰੂ ਗੋਬਿੰਦ ਸਿੰਘ ਦੀ ਦਸਤਾਰ।
3. ਦਸਮ ਗੁਰੂ ਦਾ ਦਸਤਾਰੀ ਕੰਘਾ, ਜਿਸ ਵਿੱਚ ਵਾਹੇ ਹੋਏ ਕੇਸ ਹਨ।
4. ਦਸਵੇਂ ਗੁਰੂ ਦੀ ਸ੍ਰੀ ਸਾਹਿਬ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ।
5. ਗੁਰੂ ਹਰਿਗੋਬਿੰਦ ਸਾਹਿਬ ਦਾ ਤੇਗਾ, ਜੋ 46 ਇੰਚ ਲੰਮਾ ਹੈ।
6. ਗੁਰੂ ਗੋਬਿੰਦ ਸਿੰਘ ਦੀ ਸ੍ਰੀ ਸਾਹਿਬ ਜੋ ਗੁਰੂ ਸਾਹਿਬ ਨੇ ਤਿਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਸੰੰਨ 1706 ਵਿੱਚ ਦਮਦਮਾ ਸਾਹਿਬ ਬਖਸ਼ੀ ਸੀ।
7. ਗੁਰੂ ਗੋਬਿੰਦ ਸਿੰਘ ਦੀ ਕਿਰਪਾਨ, ਜੋ ਰਾਇ ਕੱਲ੍ਹਾ ਨੂੰ ਬਖਸ਼ੀ ਸੀ। ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜ਼ਰੀਏ ਮਹਾਰਾਜਾ ਜਸਵੰਤ ਸਿੰਘ ਨੂੰ ਮਿਲੀ।
8. ਦਸਮ ਪਾਤਸ਼ਾਹ ਦੇ ਪੰਜ ਤੀਰ, ਜਿਨ੍ਹਾਂ ’ਚ ਦੋ ਬਰਛਾ ਤੀਰ ਹਨ। ਇਨ੍ਹਾਂ ਸਾਰਿਆਂ ’ਤੇ ਸੋਨਾ ਲੱਗਾ ਹੋਇਆ ਹੈ।
9. ਦਸਵੇਂ ਗੁਰੂ ਦਾ ਲੋਹੇ ਦਾ ਤੀਰ।
10. ਗੁਰੂ ਤੇਗ ਬਹਾਦਰ ਸਾਹਿਬ ਦਾ ਤੇਗਾ, ਜੋ 36 ਇੰਚ ਹੈ। ਇਸ ’ਤੇ ‘ਸਤਿ ਸ੍ਰੀ ਅਕਾਲ ਤੇਗ ਬਹਾਦਰ ਸੰਮਤ 1713’ ਉਕਰਿਆ ਹੋਇਆ ਹੈ।
11. ਦਸਵੇਂ ਗੁਰੂ ਸਾਹਿਬ ਦਾ ਬਰਛਾ।
12. ਛੇਵੇਂ ਗੁਰੂ ਦਾ ਚਾਬਕ, ਜਿਸ ਦੀ ਮੁੱਠੀ ਬੈਂਤ ਦੀ ਹੈ।
13. ਇੱਕ ਹੱਥ ਲਿਖਤ ਗ੍ਰੰਥ। ਇਸ ਦੇ ਪੱਤਰੇ 300 ਹਨ। ਭਾਈ ਤਾਰਾ ਸਿੰਘ ਕਵੀ ਦੇ ਹਵਾਲੇ ਨਾਲ ਜ਼ਿਕਰ ਮਿਲਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ ਹੈ। ਰਾਜਾ ਭਰਪੂਰ ਸਿੰਘ ਨੇ ਕਵੀ ਨੂੰ ਦੋ ਹਜ਼ਾਰ ਨਕਦ ਅਤੇ ਦੋ ਸੌ ਰੁਪਏ ਸਾਲਾਨਾ ਜਾਗੀਰ ਦੇ ਕੇ ਇਹ ਗ੍ਰੰਥ ਲੈ ਲਿਆ ਸੀ।

Advertisement

ਸੰਪਰਕ: 98148-98570

Advertisement
Author Image

sukhwinder singh

View all posts

Advertisement
Advertisement
×