For the best experience, open
https://m.punjabitribuneonline.com
on your mobile browser.
Advertisement

ਅਰਜਣ ਵੈਲੀ ਦਾ ਉਲਾਂਭਾ

11:24 AM Dec 10, 2023 IST
ਅਰਜਣ ਵੈਲੀ ਦਾ ਉਲਾਂਭਾ
Advertisement

ਸੁਖਦੇਵ ਸਿੰਘ ਸਿਰਸਾ

Advertisement

ਤੁਸੀਂ ਖ਼ਾਮੋਸ਼ ਰਹੇ
ਜਦੋਂ ਮੇਰੀ ਮਾਂ ਦੀ ਗੋਦ ਦਾ
ਜੇਠਾ ਫੁੱਲ ਡਾਢਿਆਂ ਮਸਲ ਦਿੱਤਾ
ਮਾਂ ਨੇ ਹਿੱਕ ’ਚ ਦੱਬ ਲਈ ਚੀਕ
ਪਿਉ ਦਾ ਤੁਰਲਾ ਡਿੱਗ ਪਿਆ
ਮਿੱਟੀ ਨੇ ਸਾਂਭ ਲਈ
ਲਹੂ ਵਿਚਲੀ ਅੱਗ

Advertisement

ਗੁੰਮ ਗਿਆ ਕਿਧਰੇ
ਪਿੰਡ ਦੀ ਸਿਆਣੀ ਅੱਖ ਦਾ
ਲਾਲ ਡੋਰਾ
ਮਾਂ ਦੀਆਂ ਅੱਖਾਂ ’ਚ
ਠਹਿਰ ਗਿਆ ਲਹੂ ਚੋਂਦਾ ਚਿਹਰਾ
ਟੁੱਕ ਦੀ ਬੁਰਕੀ ਹਰਾਮ ਹੋ ਗਈ
ਮੱਚਦਾ ਰਿਹਾ ਸਿਵਾ
ਬਾਪ ਦੀ ਛਾਤੀ ’ਚ

ਚੋਬਰਾਂ ਦੀ ਢਾਣੀ ’ਚ
ਅੱਗ ਤੁਰਦੀ ਰਹੀ
ਹਾਅੜ ਬੋਲਦਾ ਰਾਤ-ਬਰਾਤੇ
ਲਹੂ ਲਬਿੜੀਆਂ ਪੈੜਾਂ
ਟਿਕੀ ਰਾਤ ਕੁੰਡਾ ਖੜਕਾਉਂਦੀਆਂ
ਧਾਰ ਪਰਖਣ ਲਈ
ਟਕੂਏ ਗੰਡਾਸੇ ਬੋਲ ਮਾਰਦੇ
ਬਦਲੇ ਦੀ ਅੱਗ
ਰੋਹੀਏ ਲੈ ਚੜ੍ਹੀ
ਗੂੰਗੇ ਪਿੰਡ ਦੀ ਹਿੱਕ ’ਤੇ
ਪੁਲੀਸ ਦੀ ਧਾੜ ਆ ਬੈਠੀ
ਤੁਸੀਂ ਉਦੋਂ ਵੀ ਚੁੱਪ ਧਾਰ ਲਈ
ਤੇ ਪਿੰਡ ਲਈ ਅਸੀਂ

ਪੁੱਤਰਾਂ ਦੀ ਥਾਂ ਵੈਲੀ ਹੋ ਗਏ

ਪਿੰਡ ਦੇ ਸਾਊ ਪੱਲੇ ’ਚ
ਧਾੜਵੀ, ਡਾਕੂ, ਵੈਲੀ ਕਿੱਥੇ ਸਮਾਉਂਦੇ ਨੇ
ਬੱਸ ਫਿਰ ਅੱਗ ਨੇ
ਅੱਗ ਨਾਲ ਭਿੜਨਾ ਸੀ
ਅੰਨ੍ਹੀ ਅੱਗ ਦੀ ਖੇਡ ’ਚ
ਸਾਡੇ ਸਿਰਾਂ ’ਤੇ ਸ਼ਮਲੇ
ਸੂਹੇ ਹੋ ਗਏ
ਤੇ ਅਸੀਂ ਵੈਲੀ

ਬਦਲਾ ਤਾਂ ਜਿੱਤ ਗਿਆ
ਪਰ ਮਾਂ ਹਾਰ ਗਈ
ਆਂਦਰ ਦੇ ਦੋ ਹੋਰ ਟੋਟੇ
ਅੱਗ ਭਸਮ ਕਰ ਗਈ
ਵਰਦੀਆਂ ਵਾਲੀ ਧਾੜ
ਸਾਡੀਆਂ ਲੋਥਾਂ ’ਤੇ ਨੱਚੀ
ਪਿੰਡ ਉਦੋਂ ਵੀ ਦੜ ਵੱਟ ਗਿਆ

ਮੇਰੀ ਧਰਤੀ ਤੇ ਲੋਕ ਵੀ
ਬੜੀ ਸ਼ੈਅ ਹਨ
ਮਿੱਟੀ ਡੁੱਲ੍ਹਦੇ ਲਹੂ ਨੂੰ
ਅੱਗ ਦੀ ਆਹੂਤੀ ’ਚ ਬਦਲ ਦਿੰਦੀ ਹੈ
ਤੇ ਦੁਖਿਆਰੇ ਲੋਕ
ਅੱਗ ਦੀਆਂ ਦਾਸਤਾਨਾਂ ਨੂੰ
ਸੀਨਿਆਂ ’ਚ ਸਮੋਅ ਲੈਂਦੇ ਨੇ
ਧੁਖ਼ਦੀਆਂ ਦੇਹਾਂ ਪਲਟ ਕੇ
ਅਸੀਂ ਲੋਕਾਂ ਦੇ ਚੇਤਿਆਂ
ਤੇ ਗੀਤਾਂ ’ਚ ਆ ਬੈਠੇ
ਅਸੀਂ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ਦੇ
ਚਿਰਾਗਾਂ ਦਾ ਚਾਨਣ ਹੋ ਗਏ

ਹੁਣ ਇਕ ਗਵੱਈਏ ਨੇ
ਸਾਡੀ ਕਥਾ ਛੇੜੀ
ਤਾਂ ਪਿੰਡ ਨੂੰ ਅਸੀਂ ਯਾਦ ਆਏ।
ਸੰਪਰਕ: 98156-36565

Advertisement
Author Image

sukhwinder singh

View all posts

Advertisement