ਆੜ੍ਹਤੀਆਂ ਵੱਲੋਂ ਖੇਤੀ ਆਰਡੀਨੈਂਸ ਖ਼ਿਲਾਫ਼ ਹੜਤਾਲ
ਰਾਮ ਸਰਨ ਸੂਦ
ਅਮਲੋਹ, 21 ਅਗਸਤ
ਆੜ੍ਹਤੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ਼ ਅਨਾਜ ਮੰਡੀ ਵਿੱਚ ਦੁਕਾਨਾਂ ਬੰਦ ਕਰਕੇ ਹੜਤਾਲ ਕੀਤੀ ਅਤੇ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ। ਅਮਲੋਹ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ਼ ਹਨ ਅਤੇ ਅਜਿਹਾ ਕਰਕੇ ਸਰਕਾਰ ਆੜ੍ਹਤੀਆਂ ਅਤੇ ਕਿਸਾਨਾ ਦਾ ਨਹੁੰ-ਮਾਸ ਦਾ ਰਿਸ਼ਤਾ ਤੋੜਨਾ ਚਾਹੁੰਦੀ ਹੈ, ਜੋ ਬਰਦਾਸ਼ਤਯੋਗ ਨਹੀਂ ਹੈ।
ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਨਾਲ ਆੜ੍ਹਤੀ ਵਰਗ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਵੇਗਾ।
ਚੰਡੀਗੜ੍ਹ ’ਚ ਧਰਨੇ ਦੀ ਚਿਤਾਵਨੀ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ) : ਕਣਕ ਦੀ ਅਪਰੈਲ ਮਹੀਨੇ ਦੀ ਦਾਮੀ, ਤੁਲਾਈ, ਭਰਾਈ, ਸਿਲਾਈ ਅਤੇ ਲਦਾਈ ਦੀ ਅਦਾਇਗੀ ਨਾ ਹੋਣ ਸਬੰਧੀ ਆੜ੍ਹਤੀ ਐਸ਼ੋਸੀਏਸ਼ਨ ਦੇ ਚੇਅਰਮੈਨ ਮਾਰਕੀਟ ਕਮੇਟੀ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਪ੍ਰਧਾਨ ਤੇਜਿੰਦਰ ਸਿੰਘ ਢਿੱਲੋਂ ਨੇ ਅੱਜ ਇੱਥੇ ਫ਼ੂਡ ਸਪਲਾਈ ਦੇ ਜ਼ਿਲ੍ਹਾ ਮੈਨੇਜਰ ਨਾਂ ਮੰਗ ਪੱਤਰ ਸੌਂਪਿਆ। ਊਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 31 ਅਗਸਤ ਤੱਕ ਅਦਾਇਗੀਆਂ ਜਾਰੀ ਨਾ ਹੋਈਆਂ ਤਾਂ ਪਹਿਲੀ ਸਤੰਬਰ ਤੋਂ ਚੰਡੀਗੜ੍ਹ ’ਚ ਐੱਫ਼ਸੀਆਈ ਜ਼ੋਨਲ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।