ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰਹਰ ਦੀਆਂ ਛਟੀਆਂ

11:32 AM Feb 07, 2023 IST

ਹਰਪ੍ਰੀਤ ਕੌਰ ਘੜੂੰਆਂ

Advertisement

ਪਿਛਲੇ ਦਿਨੀਂ ਐਤਵਾਰ ਨੂੰ ਮੈਂ ਅਤੇ ਮੇਰੇ ਪਰਿਵਾਰ ਨੇ ਪਟਿਆਲੇ ਵਿਆਹ ‘ਤੇ ਜਾਣਾ ਸੀ ਪਰ ਅਚਾਨਕ ਬਿਜਲੀ ਦੀ ਤਾਰ ਸੜਨ ਕਾਰਨ ਸਾਡੇ ਮੁਹੱਲੇ ਦੀ ਬੱਤੀ ਗੁੱਲ ਹੋ ਗਈ। ਹੱਡ ਚੀਰਵੀਂ ਠੰਢ ਪੂਰੇ ਸਿਖਰ ‘ਤੇ ਸੀ। ਬਾਹਰ ਧਰਤੀ ‘ਤੇ ਕੋਰਾ ਚਿੱਟੀ ਚਾਦਰ ਵਾਂਗ ਵਿਛਿਆ ਪਿਆ ਸੀ। ਚਾਰੇ ਪਾਸੇ ਧੁੰਦ ਹੀ ਧੁੰਦ ਦਿਖਾਈ ਦੇ ਰਹੀ ਸੀ, ਕੋਰੇ ਖਾਧੀ ਧਰਤੀ ‘ਤੇ ਪੈਰ ਧਰਨੇ ਨੂੰ ਚਿੱਤ ਨਹੀਂ ਕਰਦਾ ਸੀ।

ਬੱਤੀ ਗੁੱਲ ਹੋਣ ਕਰ ਕੇ ਗੀਜ਼ਰ ਵਾਲਾ ਗਰਮ ਪਾਣੀ ਤਾਂ ਫਿਰ ਕਿੱਥੋਂ ਮਿਲਣਾ ਸੀ! ਨਹਾਉਣ ਲਈ ਗਰਮ ਪਾਣੀ ਕਰਨ ਦੀ ਪ੍ਰੇਸ਼ਾਨੀ ਖੜ੍ਹੀ ਹੋ ਗਈ। ਅਸੀਂ ਬੜੀ ਬੇਸਬਰੀ ਨਾਲ ਬੱਤੀ ਦੀ ਉਡੀਕ ਕਰਦੇ ਰਹੇ। ਆਖਿ਼ਰਕਾਰ ਮੈਂ ਘਰ ਦੇ ਪਿਛਲੇ ਵਿਹੜੇ ਵਿਚ ਗਈ ਜਿੱਥੇ ਮਿੱਟੀ ਦਾ ਚੁੱਲ੍ਹਾ ਥੈਲਿਆਂ ਨਾਲ ਢੱਕਿਆ ਹੋਇਆ ਸੀ। ਚੁੱਲ੍ਹਾ ਦੇਖਿਆ ਤਾਂ ਉਹ ਵਰਤਣਯੋਗ ਨਹੀਂ ਸੀ। ਇਸ ਉਲਝਣ ਵਿਚ ਮਨ ਅਤੀਤ ਦੀਆਂ ਯਾਦਾਂ ਦੇ ਪੰਨੇ ਫਰੋਲਣ ਲੱਗਾ। ਇੱਕ ਪੰਨੇ ‘ਤੇ ਮੈਨੂੰ ਚੁਰ, ਚੁੱਲ੍ਹਾ ਅਤੇ ਅਰਹਰ ਦਾ ਬਾਲਣ ਚੇਤੇ ਆਇਆ। ਪਿੰਡਾਂ ਵਿਚ ਆਮ ਕਰ ਕੇ ਅਰਹਰ ਨੂੰ ਹਰਹਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਦੋਂ ਸਰਦ ਰੁੱਤ ਵੇਲੇ ਘਰਾਂ ਦੀਆਂ ਛੱਤਾਂ ਅਤੇ ਵਿਹੜਿਆਂ ਵਿਚ ਅਰਹਰ ਦੀਆਂ ਛਟੀਆਂ ਦੇ ਭਾਰ ਪਏ ਹੁੰਦੇ ਸਨ। ਉਸ ਸਮੇਂ ਇਹ ਫਸਲ ਸਾਡੇ ਪਿੰਡ ਦੇ ਖੇਤਾਂ ਦਾ ਸ਼ਿੰਗਾਰ ਹੁੰਦੀ ਸੀ ਜਿਹੜੀ ਅੱਜ ਦੇਖਣ ਨੂੰ ਵੀ ਨਹੀਂ ਮਿਲਦੀ। ਅਰਹਰ ਦੀਆਂ ਛਟੀਆਂ ਬਾਹਰ ਓਸ ਨਾਲ ਭਿੱਜ ਜਾਂਦੀਆਂ ਤਾਂ ਵੀ ਪਾਥੀਆਂ ਨਾਲ ਗਿੱਲੀਆਂ ਹੀ ਜਲ਼ਦੀਆਂ ਸੀ।

Advertisement

ਉਹਨਾਂ ਵੇਲਿਆਂ ਵਿਚ ਸਾਡੇ ਘਰ ਦੇ ਅੰਦਰ ਵੜਦਿਆਂ ਮੇਰੇ ਦਾਦਾ ਜੀ ਦੀ ਬੈਠਕ ਹੁੰਦੀ ਅਤੇ ਅੱਧਾ ਵਿਹੜਾ ਅਰਹਰ ਦੇ ਭਾਰਾਂ ਨਾਲ ਭਰਿਆ ਰਹਿੰਦਾ। ਨਾਲ ਹੀ ਵੱਡੀ ਖੁੱਲ੍ਹੀ ਸਬਾਤ ਜਿਸ ਵਿਚ ਖੱਬੇ ਪਾਸੇ ਮੰਜੇ ਡਾਹੇ ਹੁੰਦੇ ਸਨ। ਸੱਜੇ ਪਾਸੇ ਚੁਰ ਤੇ ਚੁੱਲ੍ਹਾ ਬਣਿਆ ਹੁੰਦਾ ਸੀ। ਉਦੋਂ ਸਾਰਿਆਂ ਘਰਾਂ ਦੇ ਨਕਸ਼ੇ ਇਕੋ-ਜਿਹੇ ਹੁੰਦੇ ਸਨ, ਬਸ ਜਗ੍ਹਾ ਦੇ ਹਿਸਾਬ ਨਾਲ ਹੇਰ ਫੇਰ ਹੁੰਦੀ। ਪਿੰਡਾਂ ਵਿਚ ਜਿ਼ਆਦਾਤਰ ਸਾਂਝੇ ਟੱਬਰ ਰਹਿੰਦੇ ਸੀ।

ਸਾਡਾ ਪਰਿਵਾਰ ਵੀ ਸਾਂਝਾ ਹੁੰਦਾ ਸੀ। ਮੇਰੇ ਬੇਬੇ ਤੇ ਤਾਈ ਨੇ ਚੁਰ ਵਿਚ ਪਾਥੀਆਂ ਨਾਲ ਅਰਹਰ ਦੀਆਂ ਪੰਜ-ਸੱਤ ਛਟੀਆਂ ਲਾਈ ਜਾਣੀਆਂ, ਝੱਟ-ਪੱਟ ਹੀ ਰੋਟੀ-ਟੁੱਕ ਦਾ ਕੰਮ ਨਬਿੜ ਜਾਂਦਾ, ਦੂਜੇ ਪਾਸੇ ਚੁੱਲ੍ਹੇ ‘ਤੇ ਪਾਣੀ ਦਾ ਪਤੀਲਾ ਗਰਮ ਹੀ ਰਹਿੰਦਾ ਸੀ। ਕਦੇ ਗਰਮ ਪਾਣੀ ਦੀ ਥੁੜ੍ਹ ਮਹਿਸੂਸ ਨਹੀਂ ਸੀ ਹੁੰਦੀ। ਸਬਾਤ ਵਿਚ ਚੁੱਲ੍ਹਾ ਹੋਣ ਕਰ ਕੇ ਸਾਰਾ ਘਰ ਅੰਦਰੋਂ ਨਿੱਘਾ ਰਹਿੰਦਾ। ਸੰਝ ਵੇਲੇ ਜਦੋਂ ਚੁਰ ਅਰਹਰ ਦੀਆਂ ਛਟੀਆਂ ਦੇ ਕੋਲਿਆਂ ਨਾਲ ਭਰ ਜਾਂਦੀ ਤਾਂ ਬੇਬੇ ਨੇ ਕੰਢੀਰੇ ਵਿਚ ਅੱਗ ਪਾ ਕੇ ਬੱਠਲ ਵਿਚ ਰੱਖ ਕੇ ਦੇਣੀ ਤੇ ਕਹਿਣਾ, “ਜਾਓ ਮੱਲ ਆਪਣੇ ਬਾਬਾ ਜੀ ਦੇ ਮੰਜੇ ਦੀ ਪੈਂਦਾਂ ਵੱਲ ਰੱਖੇ ਆਓ।” ਅਸੀਂ ਸਾਰੇ ਜਵਾਕਾਂ ਨੇ ਬਾਬਾ ਜੀ ਕੋਲ ਬੈਠ ਕੇ ਅੱਗ ਸੇਕਣੀ।

ਉਹਨਾਂ ਨੇ ਸਾਨੂੰ ਸ਼ੇਖ਼ ਚਿੱਲੀ ਦੀਆਂ ਬਾਤਾਂ ਵੀ ਸੁਣਾਉਣੀਆਂ ਅਤੇ ਕਹਿਣਾ ਬੋਲੋ:

ਤੀਹ ਦਿਨ ਸਤੰਬਰ ਦੇ, ਜੂਨ ਅਪਰੈਲ ਨਵੰਬਰ ਦੇ

ਬਾਕੀ ਮਹੀਨੇ ਇਕੱਤੀ ਦੇ, ਫਰਵਰੀ ਹੁੰਦਾ ਲੀਪ ਦਲੀਪ

ਇਹ ਉਹਨਾਂ ਦਾ ਦੱਸਿਆ ਕੈਦਾ ਮੈਨੂੰ ਅੱਜ ਵੀ ਨਹੀਂ ਭੁੱਲਿਆ। ਕਾਸ਼! ਅਜੋਕੇ ਬੱਚਿਆਂ ਨੂੰ ਕੰਢੀਰੇ ਦੀ ਅੱਗ ਬਜ਼ੁਰਗਾਂ ਕੋਲ ਬੈਠ ਕੇ ਸੇਕਣ ਨੂੰ ਮਿਲਦੀ ਤਾਂ ਉਹਨਾਂ ਦਾ ਕੋਈ ਨਾ ਕੋਈ ਦੱਸਿਆ ਨੁਕਤਾ ਬੱਚਿਆਂ ਦੇ ਚੇਤਿਆਂ ਵਿਚ ਰਹਿੰਦਾ। ਰਾਤ ਨੂੰ ਸੌਣ ਵੇਲੇ ਦਾਦੀ ਨੇ ਤਾਈ ਨੂੰ ਆਵਾਜ਼ ਮਾਰਨੀ, “ਦੀਪੋ, ਚੁੱਲ੍ਹੇ ਕੀ ਅੱਗ ਮਾਂ ਦੋ ਪਾਥੀਆਂ ਭੰਨ ਕੇ ਦੱਬ ਦੇ।” ਦਾਦੀ ਚੁੱਲ੍ਹੇ ਵਿਚ ਹਰ ਸਮੇਂ ਅੱਗ ਨੂੰ ਸ਼ੁਭ ਮੰਨਦੀ ਸੀ, ਠੰਢਾ ਚੁੱਲ੍ਹਾ ਨਹੀਂ ਸੀ ਹੋਣ ਦਿੰਦੀ।

ਇਹ ਗੱਲਾਂ ਸੋਚਦਿਆਂ ਗੈਸ ਚੁੱਲ੍ਹੇ ‘ਤੇ ਰੱਖਿਆ ਪਾਣੀ ਗਰਮ ਹੋ ਚੁੱਕਾ ਸੀ ਪਰ ਸਭ ਨੂੰ ਪਾਣੀ ਕੋਸਾ-ਕੋਸਾ ਹੀ ਨਹਾਉਣ ਲਈ ਮਿਲਿਆ। ਜਦੋਂ ਅਸੀਂ ਵਿਆਹ ਦੇ ਸਮਾਗਮ ਵਿਚ ਪਹੁੰਚੇ ਤਾਂ ਸਾਰਿਆਂ ਦੀ ਨਿਗ੍ਹਾ ਸਾਡੀ ਵੱਲ ਹੀ ਲੱਗੀ ਹੋਈ ਸੀ। ਭੂਆ ਜੀ ਸਾਨੂੰ ਦੇਖ ਕੇ ਖੁਸ਼ ਤਾਂ ਬਹੁਤ ਹੋਏ ਪਰ ਉਹਨਾਂ ਦੇ ਚਿਹਰੇ ‘ਤੇ ਉਦਾਸੀ ਦੀ ਝਲਕ ਦਿਸ ਰਹੀ ਸੀ ਕਿਉਂਕਿ ਵਿਆਹ ਦੀਆਂ ਅੱਧੀਆਂ ਰਸਮਾਂ ਨਬਿੜ ਚੁੱਕੀਆਂ ਸਨ। ਸਾਨੂੰ ਬੇਹੱਦ ਸ਼ਰਮਿੰਦਗੀ ਮਹਿਸੂਸ ਹੋਈ।

ਮੈਂ ਸੋਚ ਰਹੀ ਸੀ ਕਿ ਅਸੀਂ ਸਮੇਂ ਦੀ ਤਬਦੀਲੀ ਨਾਲ ਪੁਰਾਣੀਆਂ ਸਹੂਲਤਾਂ ਪਿੱਛੇ ਛੱਡ ਰਹੇ ਹਾਂ ਹਾਲਾਂਕਿ ਇਹ ਹਮੇਸ਼ਾ ਸਾਥ ਨਿਭਾਉਂਦੀਆਂ ਸਨ, ਕਦੇ ਪ੍ਰੇਸ਼ਾਨੀ ਨਹੀਂ ਸੀ ਦਿੰਦੀਆਂ। ਚੁੱਲ੍ਹੇ ਨੂੰ ਸਭਿਆਚਾਰ ਦੀ ਚੂਲ ਮੰਨਿਆ ਜਾਂਦਾ ਹੈ ਅਤੇ ਅਰਹਰ ਵਰਗੀ ਪ੍ਰੋਟੀਨ ਭਰਪੂਰ ਫਸਲ ਦੀਆਂ ਛਟੀਆਂ ਦੇ ਬਾਲਣ ਨੂੰ ਸਰਦ ਰੁੱਤ ਵਿਚ ਬੜੀ ਮਹੱਤਤਾ ਦਿੱਤੀ ਜਾਂਦੀ ਸੀ ਪਰ ਅਜੋਕੇ ਸਮੇਂ ਵਿਚ ਅਸੀਂ ਬਿਜਲੀ ਯੰਤਰਾਂ ਦੀ ਵਰਤੋਂ ਵਧੇਰੇ ਕਰਨ ਲੱਗ ਪਏ ਹਾਂ। ਇਹ ਚੀਜ਼ਾਂ-ਵਸਤਾਂ ਸਾਨੂੰ ਸੁੱਖ ਆਰਾਮ ਤਾਂ ਦਿੰਦੀਆਂ ਨੇ ਪਰ ਕਿਤੇ ਨਾ ਕਿਤੇ ਪ੍ਰੇਸ਼ਾਨੀ ਵੀ ਜ਼ਰੂਰ ਦੇ ਜਾਂਦੀਆਂ ਨੇ।
ਸੰਪਰਕ: 99147-14000

Advertisement
Advertisement