For the best experience, open
https://m.punjabitribuneonline.com
on your mobile browser.
Advertisement

ਅਦਾਲਤ ’ਚ ਸੁਰੱਖਿਆ ਮੰਗਣ ਆਏ ਪ੍ਰੇਮੀ ਜੋੜੇ ਦੇ ਪਰਿਵਾਰਾਂ ’ਚ ਤਕਰਾਰ

07:50 AM Sep 17, 2024 IST
ਅਦਾਲਤ ’ਚ ਸੁਰੱਖਿਆ ਮੰਗਣ ਆਏ ਪ੍ਰੇਮੀ ਜੋੜੇ ਦੇ ਪਰਿਵਾਰਾਂ ’ਚ ਤਕਰਾਰ
ਲੜਕੀ ਦੇ ਪਿਤਾ ਨੂੰ ਹਸਪਤਾਲ ਲਿਜਾ ਰਹੇ ਲੋਕ। - ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 16 ਸਤੰਬਰ
ਅਦਾਲਤੀ ਕੰਪਲੈਕਸ ’ਚ ਅੱਜ ਦੁਪਹਿਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਇੱਕ ਪ੍ਰੇਮੀ ਜੋੜੇ ਨੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਜਿਸ ਦੌਰਾਨ ਉੱਥੇ ਦੋਵਾਂ ਦੇ ਪਰਿਵਾਰ ਇਕੱਠੇ ਹੋ ਗਏ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਉੱਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਨੂੰ ਕਿਸੇ ਤਰ੍ਹਾਂ ਬਚਾਇਆ ਅਤੇ ਅਦਾਲਤ ਅੰਦਰ ਭੇਜ ਦਿੱਤਾ। ਇਸ ਦੌਰਾਨ ਚੌਕੀ ਕੋਰਟ ਕੰਪਲੈਕਸ ਦੀ ਪੁਲੀਸ ਵੀ ਪਹੁੰਚ ਗਈ ਜਿਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਹੋਇਆ ਅਤੇ ਪੁਲੀਸ ਨੇ ਬੜੀ ਮੁਸ਼ੱਕਤ ਨਾਲ ਮਾਹੌਲ ਸ਼ਾਂਤ ਕੀਤਾ ਅਤੇ ਪ੍ਰੇਮੀ ਜੋੜੇ ਨੂੰ ਉੱਥੋਂ ਭੇਜ ਕੇ ਸਭ ਨੂੰ ਭੇਜ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਕੂੰਮਕਲਾਂ ਦੇ ਇੱਕ ਨੌਜਵਾਨ ਨੇ ਇਲਾਕੇ ਵਿੱਚ ਰਹਿਣ ਵਾਲੀ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਉਹ ਪਰਿਵਾਰ ਵਾਲਿਆਂ ਦੀ ਰਜ਼ਾਮੰਦੀ ਬਿਨਾਂ ਵਿਆਹ ਕਰਵਾ ਕੇ ਘਰੋਂ ਭੱਜੇ ਹੋਏ ਸਨ। ਦੋਵਾਂ ਨੇ ਸੈਸ਼ਨ ਕੋਰਟ ਤੋਂ ਸੁਰੱਖਿਆ ਲਈ ਅਰਜ਼ੀ ਲਗਾਈ ਹੋਈ ਸੀ। ਸੋਮਵਾਰ ਨੂੰ ਦੋਵਾਂ ਨੇ ਅਦਾਲਤ ਵਿੱਚ ਪੇਸ਼ ਹੋਣਾ ਸੀ। ਇਸੇ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਅਦਾਲਤ ਜਾ ਰਹੇ ਹਨ। ਜਦੋਂ ਉਹ ਅਦਾਲਤ ਵਿੱਚ ਪਹੁੰਚੇ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਦੋਵਾਂ ਨੇ ਰੌਲਾ ਪਾਇਆ ਤਾਂ ਉੱਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਅਦਾਲਤ ਦੇ ਅੰਦਰ ਭੇਜ ਦਿੱਤਾ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮ ਖੁਦ ਗੇਟ ਅੱਗੇ ਖੜ੍ਹੇ ਹੋ ਗਏ। ਅਦਾਲਤ ਦੇ ਬਾਹਰ ਹੰਗਾਮਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲੀਸ ਫੋਰਸ ਉੱਥੇ ਪਹੁੰਚ ਗਈ। ਜਿੱਥੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਜਬਰਦਸਤੀ ਘਰੋਂ ਚੁੱਕ ਕੇ ਵਿਆਹ ਕਰਵਾਇਆ ਗਿਆ ਹੈ। ਇਸ ਦੌਰਾਨ ਲੜਕੀ ਦੇ ਪਿਤਾ ਨੇ ਕਥਿਤ ਤੌਰ ’ਤੇ ਖੁਦ ਗਲਾ ਘੁੱਟ ਕੇ ਮਰੇ ਹੋਣ ਦਾ ਡਰਾਮਾ ਕੀਤਾ ਅਤੇ ਰੌਲਾ ਪਾਇਆ ਗਿਆ ਕਿ ਉਸ ਨੂੰ ਮਾਰ ਦਿੱਤਾ ਗਿਆ ਹੈ। ਜਦੋਂ ਪੁਲੀਸ ਨੇ ਐਂਬੂਲੈਂਸ ਬੁਲਾਈ ਤਾਂ ਉਹ ਵਿਅਕਤੀ ਖੁਦ ਖੜ੍ਹਾ ਹੋ ਗਿਆ ਅਤੇ ਉੱਥੋਂ ਚਲਾ ਗਿਆ। ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸਾਰਿਆਂ ਨੂੰ ਸਮਝਾ ਕੇ ਭੇਜ ਦਿੱਤਾ ਗਿਆ। ਜੋ ਵਿਅਕਤੀ ਮਰਨ ਬਾਰੇ ਆਖ ਰਿਹਾ ਸੀ, ਉਹ ਵੀ ਕੁਝ ਸਮੇਂ ਬਾਅਦ ਆਪਣੇ-ਆਪ ਚਲਾ ਗਿਆ ਸੀ।

Advertisement

Advertisement
Advertisement
Author Image

sanam grng

View all posts

Advertisement