‘ਆਪ’ ਦਫ਼ਤਰ ਨੇੜੇ ਬੈਰੀਕੇਡ ਲਾਉਣ ਤੋਂ ਗੋਪਾਲ ਰਾਏ ਤੇ ਪੁਲੀਸ ਅਧਿਕਾਰੀ ਵਿਚਾਲੇ ਤਕਰਾਰ
ਪੱਤਰ ਪ੍ਰੇਰਕ
ਨਵੀਂ ਦਿਲੀ, 26 ਮਾਰਚ
‘ਆਪ’ ਦਫ਼ਤਰ ਨੇੜੇ ਬੈਰੀਕੇਡ ਲਾਉਣ ਦੇ ਮੁੱਦੇ ’ਤੇ ਅੱਜ ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਅਤੇ ‘ਆਪ’ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਵਿਚਾਲੇ ਬਹਿਸਬਾਜ਼ੀ ਹੋ ਗਈ। ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਪਰ ਪੁਲੀਸ ਨੇ ‘ਆਪ’ ਦਫ਼ਤਰ ਨੂੰ ਸੀਲ ਕਰ ਦਿੱਤਾ। ਦਫ਼ਤਰ ਪੁੱਜੇ ਪਾਰਟੀ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਗੋਪਾਲ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੀ ਦਿੱਲੀ ਵਿੱਚ ਧਾਰਾ 144 ਲਾਗੂ ਹੈ। ਲੱਗਦਾ ਹੈ ਕਿ ਦਿੱਲੀ ਪੁਲੀਸ ਰਾਜ ਬਣ ਗਈ ਹੈ। ਉਨ੍ਹਾਂ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਲੜਾਈ ਅਤੇ ਅੰਦੋਲਨ ਰੁਕਣ ਵਾਲਾ ਨਹੀਂ ਹੈ। ਇਹ ਆਵਾਜ਼ ਪੂਰੇ ਦੇਸ਼ ਤੱਕ ਪਹੁੰਚ ਰਹੀ ਹੈ।’’
ਗੋਪਾਲ ਰਾਏ ਨੇ ਕਿਹਾ, ‘‘ਸਾਡੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਦਿੱਲੀ ਪੁਲੀਸ ਨੇ ਪਾਰਟੀ ਦਫਤਰ ਦੇ ਬਾਹਰ ਬੈਰੀਕੇਡ ਲਗਾ ਦਿੱਤੇ ਹਨ। ਭਾਜਪਾ ਦਫ਼ਤਰ ਦੇ ਬਾਹਰ ਅਜਿਹੇ ਬੈਰੀਕੇਡ ਨਹੀਂ ਲਗਾਏ ਗਏ। ਬੈਰੀਕੇਡ ਲਗਾ ਕੇ ਪਾਰਟੀ ਦਫ਼ਤਰ ਨੂੰ ਆਉਣ-ਜਾਣ ਵਾਲੇ ਰਸਤੇ ਬੰਦ ਕੀਤੇ ਜਾ ਰਹੇ ਹਨ। ਪਾਰਟੀ ਦਫ਼ਤਰ ਨੂੰ ਵਾਰ-ਵਾਰ ਸੀਲ ਕੀਤਾ ਜਾ ਰਿਹਾ ਹੈ। ਅੱਜ ਤੱਕ ਅਜਿਹਾ ਨਹੀਂ ਹੋਇਆ।’’
ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਹ ਬੈਰੀਕੇਡ ਇਸ ਲਈ ਲਾਏ ਹਨ ਤਾਂ ਕਿ ਵਿਰੋਧੀ ਧਿਰ ਦਾ ਕੋਈ ਵਿਅਕਤੀ ਦਫ਼ਤਰ ਵਿਚ ਨਾ ਵੜ ਜਾਵੇ। ਇਸ ਤੋਂ ਪਹਿਲਾਂ ਆਤਿਸ਼ੀ ਨੇ ਵੀ ਦਿੱਲੀ ਪੁਲੀਸ ਨੂੰ ਦਫ਼ਤਰ ਦੇ ਬਾਹਰ ਬੈਰੀਕੇਡ ਲਾਉਣ ਲਈ ਘੇਰਿਆ ਸੀ।