ਅਰਜਨਟੀਨਾ ਦਾ ‘ਗੋਲਡਨ ਬੌਇ’ ਡੀਗੋ ਮਾਰਾਡੋਨਾ
ਪ੍ਰਿੰ. ਸਰਵਣ ਸਿੰਘ
ਡੀਗੋ ਮਾਰਾਡੋਨਾ ਅਰਜਨਟੀਨਾ ਦਾ ਮਾਣ ਸੀ। ਗ਼ਰੀਬ ਘਰ ਦਾ ਅਮੀਰ ਖਿਡਾਰੀ। ਉਹ ਫੁੱਟਬਾਲ ਦੀ ਖੇਡ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। ਜਦ ਉਹਦੇ ਕੋਲ ਬਾਲ ਆਉਂਦੀ ਤਾਂ ਡ੍ਰਿਬਲਿੰਗ ਕਰਦਾ ਉਹ ਦਰਸ਼ਕਾਂ ਨੂੰ ਦੰਗ ਕਰ ਦਿੰਦਾ। ਉਹਦਾ ਕੱਦ ਬੇਸ਼ੱਕ ਸਮੱਧਰ ਸੀ, ਸਿਰਫ਼ 5 ਫੁੱਟ 5 ਇੰਚ, ਪਰ ਉਹ ਫੁੱਟਬਾਲ ਦੀ ਦੁਨੀਆ ਦਾ ਧਨੰਤਰ ਖਿਡਾਰੀ ਸੀ। ਉਸ ਵੱਲੋਂ 1986 ਦੇ ਵਿਸ਼ਵ ਕੱਪ ਵਿੱਚ ਕੀਤੇ ਗੋਲ ਨੂੰ ਰੱਬੀ ਹੱਥ ਦਾ ਗੋਲ ਕਿਹਾ ਗਿਆ। ਫੁੱਟਬਾਲ ਦੀ ਖੇਡ ਵਿੱਚ ਉਹਤੋਂ ਪਹਿਲਾਂ ਵਧੇਰੇ ਮਸ਼ਹੂਰੀ ਬ੍ਰਾਜ਼ੀਲ ਦੇ ਪੇਲੇ ਦੀ ਹੋਈ ਸੀ। ਫਿਰ ਮਾਰਾਡੋਨਾ ਨੂੰ ਵੀ ਅਰਜਨਟੀਨਾ ਦਾ ਪੇਲੇ ਕਿਹਾ ਜਾਣ ਲੱਗ ਪਿਆ ਸੀ।
ਉਸ ਨੂੰ ਸਰਬ ਸਮਿਆਂ ਦੇ ਸਰਬੋਤਮ ਫੁੱਟਬਾਲਰਾਂ ਵਿੱਚੋਂ ਮੀਰੀ ਮੰਨਿਆ ਗਿਆ। ਉਹ ਅਰਜਨਟੀਨਾ, ਇਟਲੀ ਤੇ ਸਪੇਨ ਦੇ ਕਲੱਬਾਂ ਵੱਲੋਂ ਕਰਵਾਈਆਂ ਲਗਭਗ ਸਾਰੀਆਂ ਚੈਂਪੀਅਨਸ਼ਿਪਾਂ ਜਿੱਤਿਆ। ਉਸ ਦੀ ਸਭ ਤੋਂ ਵੱਡੀ ਜਿੱਤ ਅਰਜਨਟੀਨਾ ਦੇ ਕਪਤਾਨ ਵਜੋਂ ਫੀਫਾ ਦੇ ਵਿਸ਼ਵ ਕੱਪ-1980 ਨੂੰ ਜਿੱਤਣ ਦੀ ਮੰਨੀ ਜਾਂਦੀ ਹੈ। ਜਿੱਥੇ ਉਹਦੀ ਉਸਤਤ ਦਾ ਕੋਈ ਅੰਤ ਨਹੀਂ ਸੀ। ਉੱਥੇ ਉਸ ਦਾ ਕੋਕੀਨ ਦੇ ਨਸ਼ੇ ’ਤੇ ਲੱਗਣਾ ਉਹਦੇ ਲਈ ਸਰਾਪ ਬਣ ਗਿਆ। ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੋਣ ਕਰਕੇ ਉਸ ਨੂੰ ਦੋ ਵਾਰ ਖੇਡ ਤੋਂ ਮੁਅੱਤਲ ਵੀ ਕਰਨਾ ਪਿਆ ਪਰ ਸਜ਼ਾ ਭੁਗਤਣ ਪਿੱਛੋਂ ਮੁੜ ਖਿਡਾਉਣਾ ਪਿਆ। ਕੋਕੀਨ ਨੇ ਉਸ ਦੇ ਖੇਡਣ ਵੇਲੇ ਤੇ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਵੀ ਉਹਦਾ ਖਹਿੜਾ ਨਾ ਛੱਡਿਆ। ਸਿੱਟੇ ਵਜੋਂ ਉਹ ਦਿਲ ਤੇ ਦਿਮਾਗ਼ ਦਾ ਰੋਗੀ ਬਣ ਕੇ 60 ਸਾਲ ਦੀ ਉਮਰ ’ਚ ਹੀ ਗੁਜ਼ਰ ਗਿਆ।
1.65 ਮੀਟਰ ਯਾਨੀ 5 ਫੁੱਟ 5 ਇੰਚ ਦੇ ਇਸ ਖਿਡਾਰੀ ਦਾ ਪੂਰਾ ਨਾਂ ਡੀਗੋ ਅਰਮਾਂਡੋ ਮਾਰਾਡੋਨਾ ਸੀ। ਅਰਜਨਟੀਨਾ ਦਾ ਉਹ ਨਾਮੀ ਖਿਡਾਰੀ ਸੀ ਜੋ 10 ਨੰਬਰ ਦੀ ਜਰਸੀ ਪਾ ਕੇ ਖੇਡਦਾ ਸੀ। ਉਹ ਬਾਲ ਬਣਾ ਕੇ ਪਾਸ ਦੇਣ ਤੇ ਪਾਸ ਲੈ ਕੇ ਗੋਲ ਕਰਨ ਦੀ ਕਲਾ ’ਚ ਪੂਰਾ ਮਾਹਿਰ ਸੀ। ਉਹਦੀ ਫਰੀ ਕਿੱਕ ਸਿੱਧੀ ਗੋਲ ’ਚ ਜਾਂਦੀ ਸੀ ਜੋ ਗੋਲਚੀਆਂ ਤੋਂ ਘੱਟ ਹੀ ਰੁਕਦੀ। ਉਸ ਨੂੰ ਫਰੀ ਕਿੱਕ ਲਾਉਣ ਦਾ ਵੀ ਮਾਹਿਰ ਮੰਨਿਆ ਜਾਂਦਾ ਸੀ। ਉਹਦਾ ਬਾਲ ਕੰਟਰੋਲ ਕਮਾਲ ਦਾ ਅਤੇ ਪਾਸਿੰਗ ਤੇ ਡ੍ਰਿਬਲਿੰਗ ਨਪੀ-ਤੁਲੀ ਸੀ। ਉਹਦੇ ਗੋਲਾਂ ਦੀ ਬਦੌਲਤ ਅੱਧੀ ਦਰਜਨ ਕਲੱਬਾਂ ਅਤੇ ਅਰਜਨਟੀਨਾ ਮੁਲਕ ਦੀ ਗੁੱਡੀ ਫੁੱਟਬਾਲ ਦੇ ਅੰਬਰੀਂ ਚੜ੍ਹੀ ਰਹੀ। ਬੇਸ਼ੱਕ ਰੱਬ ਉਹਦੀ ਖੇਡ ’ਤੇ ਚੋਖਾ ਮਿਹਰਬਾਨ ਰਿਹਾ ਪਰ ਉਹ ਲੰਮੀ ਉਮਰ ਨਾ ਭੋਗ ਸਕਿਆ। ਉਹ 30 ਅਕਤੂਬਰ 1960 ਦੇ ਦਿਨ ਜੰਮਿਆ ਸੀ ਤੇ 60 ਸਾਲ ਜਿਉਂ ਕੇ 25 ਨਵੰਬਰ 2020 ਨੂੰ ਗੁਜ਼ਰ ਗਿਆ।
ਮਾਰਾਡੋਨਾ ਵਿਸ਼ਵ ਦਾ ਬਿਹਤਰੀਨ ਫੁੱਟਬਾਲ ਖਿਡਾਰੀ ਹੋਣ ਦੇ ਨਾਲ ਚੋਟੀ ਦਾ ਟੀਮ ਮੈਨੇਜਰ ਵੀ ਸੀ। ਜਿਨ੍ਹਾਂ ਦੋ ਫੁੱਟਬਾਲਰਾਂ ਨੂੰ 20ਵੀਂ ਸਦੀ ਦੇ ਫੀਫਾ ਪਲੇਅਰ ਆਫ ਦਿ ਸੈਂਚਰੀ ਐਵਾਰਡ ਨਾਲ ਸਨਮਾਨਿਆ ਗਿਆ ਮਾਰਾਡੋਨਾ ਉਨ੍ਹਾਂ ’ਚੋਂ ਇੱਕ ਸੀ। ਉਹ ਫੀਫਾ ਦੇ ਚਾਰ ਵਿਸ਼ਵ ਕੱਪਾਂ ’ਚ ਖੇਡਿਆ ਤੇ ਹਰੇਕ ਕੱਪ ’ਚ ਆਪਣੀ ਖੇਡ ਦੀ ਧੰਨ-ਧੰਨ ਕਰਾਉਂਦਾ ਰਿਹਾ। ਉਹ ਫੁੱਟਬਾਲ ਦਾ ਪਹਿਲਾ ਖਿਡਾਰੀ ਸੀ ਜਿਸ ਨੂੰ ਫੁੱਟਬਾਲ ਕਲੱਬਾਂ ਵੱਲੋਂ ਦੋ ਵਾਰ ਕਲੱਬ ਬਦਲੀ ਦੀ ਸਭ ਤੋਂ ਵਧੇਰੇ ਫੀਸ ਦੇਣੀ ਪਈ। 1982 ਵਿੱਚ ਬਾਰਸੀਲੋਨਾ ਨੇ 50 ਲੱਖ ਪੌਂਡ ਦੇ ਕੇ ਉਸ ਨੂੰ ਆਪਣੇ ਕਲੱਬ ਵੱਲੋਂ ਖਿਡਾਇਆ। 1984 ਵਿੱਚ ਨਪੋਲੀ ਨੇ ਉਸ ਦਾ 69 ਲੱਖ ਪੌਂਡ ਭਾਅ ਵਧਾ ਕੇ ਆਪਣੇ ਕਲੱਬ ਵੱਲੋਂ ਖੇਡਣ ਲਈ ਰਾਜ਼ੀ ਕਰ ਲਿਆ। ਮਾਰਾਡੋਨਾ ਨੇ ਉਨ੍ਹਾਂ ਕਲੱਬਾਂ ਨੂੰ ਕੱਪ ਵੀ ਜਿਤਾਏ ਪਰ ਨਪੋਲੀ ਨੂੰ ਵਖ਼ਤ ਵੀ ਪਾਇਆ। ਉਸ ’ਤੇ ਕੋਕੀਨ ਲੈਣ ਦਾ ਦੋਸ਼ ਲੱਗਾ ਜਿਸ ਨਾਲ ਨਪੋਲੀ ਵੱਲੋਂ ਖੇਡਣ ਦੀ ਪਾਬੰਦੀ ਵੀ ਲੱਗੀ।
ਅੰਤਰਰਾਸ਼ਟਰੀ ਟੂਰਨਾਮੈਂਟ ਖੇਡਦਿਆਂ ਉਸ ਨੇ 91 ਵਾਰ ਅਰਜਨਟੀਨਾ ਦੀ ਵਰਦੀ ਪਾਈ ਤੇ 34 ਗੋਲ ਕੀਤੇ। ਫੀਫਾ ਦੇ ਚਾਰ ਵਿਸ਼ਵ ਕੱਪ ਖੇਡਦਿਆਂ ਉਹ ਦਰਸ਼ਕਾਂ ਦਾ ਚਹੇਤਾ ਖਿਡਾਰੀ ਬਣਿਆ ਰਿਹਾ। ਫੀਫਾ ਦੇ 1986 ਵਾਲੇ ਵਿਸ਼ਵ ਕੱਪ ਸਮੇਂ ਉਹ ਅਰਜਨਟੀਨਾ ਦੀ ਫੁੱਟਬਾਲ ਟੀਮ ਦਾ ਕਪਤਾਨ ਬਣਿਆ। ਮੈਕਸੀਕੋ ਦਾ ਉਹ ਵਿਸ਼ਵ ਕੱਪ ਅਰਜਨਟੀਨਾ ਨੇ ਹੀ ਜਿੱਤਿਆ। ਫਾਈਨਲ ਮੈਚ ਵਿੱਚ ਉਸ ਨੇ ਪੱਛਮੀ ਜਰਮਨੀ ਦੀ ਟੀਮ ਨੂੰ ਹਰਾਇਆ। ਉਦੋਂ ਉਸ ਨੂੰ ਟੂਰਨਾਮੈਂਟ ਦੇ ਬੈਸਟ ਪਲੇਅਰ ਵਜੋਂ ‘ਗੋਲਡਨ ਬੂਟ’ ਐਵਾਰਡ ਨਾਲ ਸਨਮਾਨਿਆ ਗਿਆ। ਕੁਆਰਟਰ ਫਾਈਨਲ ਜੋ ਅਰਜਨਟੀਨਾ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਹੋਇਆ ਉਹ 2-1 ਗੋਲਾਂ ਨਾਲ ਅਰਜਨਟੀਨਾ ਨੇ ਜਿੱਤਿਆ। ਦੋਵੇਂ ਗੋਲ ਮਾਰਾਡੋਨਾ ਨੇ ਕੀਤੇ। ਪਹਿਲਾ ਗੋਲ ਹੈਂਡਲਿੰਗ ਫਾਊਲ ਦੀ ਜੱਜਮੈਂਟ ਨਾ ਹੋਣ ਕਾਰਨ ‘ਹੈਂਡ ਆਫ ਗੌਡ’ ਦਾ ਗੋਲ ਮੰਨ ਲਿਆ ਗਿਆ ਪਰ ਦੂਜਾ ਗੋਲ 60 ਮੀਟਰ ਪਿੱਛੇ ਤੋਂ ਡ੍ਰਿਬਲਿੰਗ ਕਰਦਿਆਂ ਇੰਗਲੈਂਡ ਦੇ ਪੰਜ ਖਿਡਾਰੀਆਂ ਨੂੰ ਕੱਟ ਕੇ ਕੀਤਾ ਸੀ। ਉਸ ਗੋਲ ਨੂੰ ਫੀਫਾ ਨੇ ‘ਗੋਲ ਆਫ ਦਾ ਸੈਂਚਰੀ’ ਕਹਿ ਕੇ ਵਡਿਆਇਆ।
ਮਾਰਾਡੋਨਾ ਅਜੇ 16 ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਅਰਜਨਟੀਨਾ ਦੀ ਜੂਨੀਅਰ ਨੈਸ਼ਨਲ ਟੀਮ ਵਿੱਚ ਖੇਡਣ ਲੱਗਾ। ਉਹ 1977 ਤੋਂ 1979 ਤਕ ਵੀਹ ਸਾਲ ਤੋਂ ਘੱਟ ਉਮਰ ਵਾਲਿਆਂ ਵੱਲੋਂ ਖੇਡਿਆ। 1979 ਤੋਂ 1994 ਤੱਕ ਉਹ ਵਿਸ਼ਵ ਪ੍ਰਸਿੱਧ ਕਲੱਬਾਂ ਤੇ ਆਪਣੇ ਮੁਲਕ ਦੀਆਂ ਸੀਨੀਅਰ ਟੀਮਾਂ ਵਿੱਚ ਖੇਡਦਾ ਰਿਹਾ। ਜੇਕਰ ਬਾਲ ਅਵਸਥਾ ਵਿੱਚ ਫੁੱਟਬਾਲ ਖੇਡਣ ਦੇ ਸਾਲ ਵੀ ਵਿੱਚੇ ਗਿਣ ਲਈਏ ਤਾਂ ਉਸ ਦੇ ਕੁਲ ਖੇਡਣ ਦੇ ਸਾਲ 37 ਬਣ ਜਾਂਦੇ ਹਨ। ਫਿਰ ਸਰਗਰਮ ਖੇਡ ਤੋਂ ਰਿਟਾਇਰ ਹੋ ਕੇ ਉਹ ਫੁੱਟਬਾਲ ਦੀਆਂ ਟੀਮਾਂ ਦਾ ਕੋਚ/ਮੈਨੇਜਰ ਬਣਨ ਲੱਗ ਪਿਆ ਸੀ। ਪਹਿਲੀ ਵਾਰ ਉਹ 1994-95 ਵਿੱਚ ਮੈਨੇਜਰ ਬਣਿਆ ਤੇ ਫਿਰ 2008 ਤੋਂ 2020 ਤੱਕ ਕਲੱਬਾਂ ਤੇ ਅਰਜਨਟੀਨਾ ਦੀਆਂ ਫੁੱਟਬਾਲ ਟੀਮਾਂ ਦਾ ਮੈਨੇਜਰ ਬਣਦਾ ਰਿਹਾ। 2006 ਤੋਂ 2019 ਦੌਰਾਨ ਉਸ ਦੇ ਜੀਵਨ ਤੇ ਖੇਡ ਬਾਰੇ 6 ਫਿਲਮਾਂ ਬਣੀਆਂ ਜੋ ਖੇਡ ਜਗਤ ਵਿੱਚ ਸ਼ਾਨ ਨਾਲ ਚੱਲੀਆਂ।
ਉਹ 2008 ’ਚ ਅਰਜਨਟੀਨਾ ਦੀ ਨੈਸ਼ਨਲ ਫੁੱਟਬਾਲ ਟੀਮ ਦਾ ਕੋਚ ਬਣਿਆ। 2011-12 ਦੇ ਸੀਜ਼ਨ ਵਿੱਚ ਉਸ ਨੇ ਦੁਬਈ ਦੇ ਅਲ ਵਾਸਲ ਕਲੱਬ ਦੀ ਟੀਮ ਨੂੰ ਕੋਚਿੰਗ ਦਿੱਤੀ। ਫਿਰ ਉਹ ਕਦੇ ਕਿਸੇ ਮੁਲਕ ਦੇ ਕਲੱਬ ਤੇ ਕਦੇ ਕਿਸੇ ਕਲੱਬ ਦੀਆਂ ਟੀਮਾਂ ਨੂੰ ਕੋਚਿੰਗ ਦਿੰਦਾ ਰਿਹਾ। ਸਤੰਬਰ 2018 ਤੋਂ ਜੂਨ 2019 ਤੱਕ ਉਹ ਮੈਕਸੀਕੋ ਦੀ ਕਲੱਬ ਡੋਰਾਡੋਸ ਦਾ ਕੋਚ ਰਿਹਾ। ਸਤੰਬਰ 2019 ਤੋਂ ਮੌਤ ਤੱਕ ਉਹ ਅਰਜਨਟੀਨਾ ਦੇ ਕਲੱਬ ਜਿਮਨਾਸ਼ੀਆ ਡੀ ਲਾ ਪਲਾਟਾ ਨਾਲ ਜੁੜਿਆ ਰਿਹਾ।
ਉਹ 16 ਸਾਲਾਂ ਦਾ ਵੀ ਨਹੀਂ ਹੋਇਆ ਸੀ ਕਿ ਫੁੱਟਬਾਲ ਦਾ ਪੇਸ਼ੇਵਰ ਖਿਡਾਰੀ ਬਣ ਗਿਆ। ਪਹਿਲੀ ਜਰਸੀ ਉਸ ਨੂੰ 16 ਨੰਬਰ ਦੀ ਮਿਲੀ। ਉਸ ਨੇ ਪਹਿਲੇ ਪੇਸ਼ੇਵਰ ਮੈਚ ਵਿੱਚ ਵਿਰੋਧੀ ਖਿਡਾਰੀ ਦੀਆਂ ਲੱਤਾਂ ਵਿੱਚ ਦੀ ਬਾਲ ਕੱਢਦਿਆਂ ਪਹਿਲਾ ਗੋਲ ਕੀਤਾ। ਉਸ ਨੂੰ ਲੱਗਾ ਜਿਵੇਂ ਫੁੱਟਬਾਲ ਦੇ ਅਸਮਾਨ ਨੂੰ ਛੋਹ ਲਿਆ ਹੋਵੇ। ਇਹ ਯਾਦਗਾਰੀ ਗੋਲ ਉਸ ਨੇ 16 ਸਾਲ ਦਾ ਹੋਣ ਤੋਂ ਦੋ ਹਫ਼ਤੇ ਪਹਿਲਾਂ 14 ਨਵੰਬਰ 1976 ਨੂੰ ਕੀਤਾ। ਫੇਰ ਤਾਂ ਚੱਲ ਸੋ ਚੱਲ ਤੇ ਮਾਰਾਡੋਨਾ-ਮਾਰਾਡੋਨਾ ਹੁੰਦੀ ਗਈ। ਉਦੋਂ ਹਾਲੇ ਉਹ ਛੀਟਕਾ ਜਿਹਾ ਛੋਕਰਾ ਸੀ। ਉਸ ਨੇ ਅਰਜਨਟੀਨੋਸ ਜੂਨੀਅਰ ਕਲੱਬ ਵਿੱਚ 5 ਸਾਲ ਬਿਤਾਏ ਜਿੱਥੇ 167 ਮੈਚਾਂ ਵਿੱਚ 115 ਗੋਲ ਕੀਤੇ। ਫਿਰ ਉਹ 40 ਲੱਖ ਅਮਰੀਕਨ ਡਾਲਰਾਂ ਦੀ ਫੀਸ ਲੈ ਕੇ ਬੋਕਾ ਜੂਨੀਅਰਜ਼ ਕਲੱਬ ’ਚ ਚਲਾ ਗਿਆ ਤੇ ਅੱਗੇ ਰਿਵਰ ਪਲੇਟ ’ਚ ਪਹੁੰਚ ਗਿਆ।
1982 ਦੇ ਫੀਫਾ ਵਿਸ਼ਵ ਕੱਪ ਪਿੱਛੋਂ ਉਸ ਦੀ ਏਨੀ ਕਦਰ ਪਈ ਕਿ ਬਾਰਸੀਲੋਨਾ ਕਲੱਬ ਨੇ ਉਸ ਨੂੰ 76 ਲੱਖ ਅਮਰੀਕਨ ਡਾਲਰ ਦੀ ਰਿਕਾਰਡ ਫੀਸ ਦਿੱਤੀ। 1983 ’ਚ ਉਸ ਨੇ ਫੁੱਟਬਾਲ ਦੇ ਮੈਦਾਨਾਂ ਵਿੱਚ ਗੋਲ ਕਰਨ ਦੀਆਂ ਹਨੇਰੀਆਂ ਲਿਆ ਦਿੱਤੀਆਂ। ਬਾਰਸੀਲੋਨਾ ਨੇ ਉਸ ਨੂੰ ਸਲਾਹਿਆ ਵੀ ਬਹੁਤ। ‘‘ਮਾਰਾਡੋਨਾ ਨੂੰ ਬਾਲ ’ਤੇ ਪੂਰੀ ਮਾਸਟਰੀ ਹੈ, ਲੱਗਦੈ ਜਿਵੇਂ ਬਾਲ ਉਹਦੇ ਪੈਰਾਂ ਨਾਲ ਬੰਨ੍ਹੀ ਗਈ ਹੋਵੇ! ਦੇਖਣ ਵਾਲੇ ਦੰਗ ਰਹਿ ਜਾਂਦੇ ਹਨ ਕਿ ਉਹ ਬਾਲ ਨੂੰ ਕਿਵੇਂ ਐਨੇ ਪੈਰਾਂ ਵਿੱਚ ਦੀ ਕੱਢ ਲਿਜਾਂਦਾ ਤੇ ਗੋਲ ਦਾਗ ਦਿੰਦੈ।’’
ਸਾਧਾਰਨ ਸੱਟਾਂ-ਫੇਟਾਂ ਤੇ ਨਿੱਕੀਆਂ-ਮੋਟੀਆਂ ਕਸਰਾਂ ਖੇਡਾਂ ਦਾ ਅੰਗ ਮੰਨੀਆਂ ਜਾਂਦੀਆਂ ਹਨ। ਪਰ ਕਦੇ ਕਦਾਈਂ ਜਾਣ ਬੁੱਝ ਕੇ ਵੀ ਸੱਟ ਮਾਰ ਦਿੱਤੀ ਜਾਂਦੀ ਹੈ। ਮਾਰਾਡੋਨਾ ਨਾਲ ਵੀ ਇਹੋ ਜਿਹੇ ਭਾਣੇ ਵਰਤਦੇ ਰਹੇ। 24 ਸਤੰਬਰ 1983 ਨੂੰ ਵਿਰੋਧੀ ਕਲੱਬ ਐਟਲੈਟਿਕੋ ਡੀ ਬਿਲਬਾਓ ਦੇ ਡਿਫੈਂਡਰ ਨੇ ਮਾਰਾਡੋਨਾ ਨੂੰ ਸਖ਼ਤ ਜ਼ਖਮੀ ਕਰ ਦਿੱਤਾ ਸੀ। ਉਹਨੀਂ ਦਿਨੀ ਉਸ ’ਤੇ ਹੈਪੀਟਾਈਟਸ ਦਾ ਹਮਲਾ ਤੇ ਗਿੱਟਾ ਟੁੱਟਣ ਕਾਰਨ ਮੰਦੇ ਦਿਨ ਆ ਗਏ ਸਨ। ਲੱਗਦਾ ਸੀ ਉਹਦਾ ਫੁੱਟਬਾਲ ਕਰੀਅਰ ਖ਼ਤਮ ਹੋ ਜਾਵੇਗਾ ਪਰ ਤਿੰਨ ਮਹੀਨਿਆਂ ਦੇ ਇਲਾਜ ਨਾਲ ਉਹ ਮੁੜ ਕਾਇਮ ਹੋ ਗਿਆ।
1984 ਵਿੱਚ ਕੋਪਾ ਡੈੱਲ ਰੇਅ ਦੇ ਫਾਈਨਲ ਮੈਚ ਵਿੱਚ ਮੈਡਰਿਡ ਵਿਖੇ ਸੈਂਟਿਆਗੋ ਦੇ ਬਰਨੇਬੋ ਅਤੇ ਮੈਡਰਿਡ ਦੇ ਬਿਬਾਓ ਵਿਚਕਾਰ ਜੰਮ ਕੇ ਟੱਕਰ ਹੋਈ। ਬੋਲ ਕਬੋਲ ਵੀ ਹੋਏ। ਗੱਲ ਵਧਦੀ-ਵਧਦੀ ਹੱਥੋਪਾਈ ਤੱਕ ਅੱਪੜ ਗਈ। ਮਾਰਾਡੋਨਾ ਵੀ ਧੌਲ-ਮੁੱਕੀ ਕਰ ਬੈਠਾ। ਵੇਖ ਕੇ ਦਰਸ਼ਕ ਵੀ ਉਤੇਜਿਤ ਹੋ ਗਏ। ਉਨ੍ਹਾਂ ਨੇ ਜੋ ਹੱਥ ਆਇਆ ਉਹ ਖਿਡਾਰੀਆਂ, ਕੋਚਾਂ ਤੇ ਫੋਟੋਗਰਾਫਰਾਂ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸਪੇਨ ਦਾ ਬਾਦਸ਼ਾਹ ਕਿੰਗ ਜੁਆਂ ਕਾਰਲੋਸ ਅਤੇ ਇਕ ਲੱਖ ਦਰਸ਼ਕ ਸਟੇਡੀਅਮ ਵਿੱਚ ਮੌਜੂਦ ਸਨ। ਅੱਧੋਂ ਵੱਧ ਸਪੇਨੀ ਟੀਵੀਆਂ ਤੋਂ ਮੈਚ ਵੇਖ ਰਹੇ ਸਨ। ਖਿਡਾਰੀ, ਕੋਚਾਂ ਤੇ ਫੋਟੋਗਰਾਫਰਾਂ ਸਮੇਤ ਸੱਠ ਜਣੇ ਜ਼ਖ਼ਮੀ ਹੋਏ। ਪੁਣ-ਛਾਣ ਪਿੱਛੋਂ ਮਾਰਾਡੋਨਾ ਨੂੰ ਬਾਰਸੀਲੋਨਾ ਕਲੱਬ ’ਚੋਂ ਕੱਢਣਾ ਪਿਆ।
ਮਾਰਾਡੋਨਾ ਦਾ ਜਨਮ 30 ਅਕਤੂਬਰ 1960 ਨੂੰ ਅਰਜਨਟੀਨਾ ਦੇ ਰਾਜ ਬਿਊਨਸ ਏਅਰਜ਼ ਵਿੱਚ ਹੋਇਆ ਸੀ। ਉਹ ਅੱਠ ਭੈਣ ਭਾਈਆਂ ’ਚ ਪੰਜਵਾਂ ਬੱਚਾ ਸੀ। ਮਾਪਿਆਂ ਨੇ ਬੱਚਿਆਂ ਨੂੰ ਗ਼ਰੀਬੀ ਦੀਆਂ ਹਾਲਤਾਂ ਵਿੱਚ ਪਾਲਿਆ। ਮਾਰਾਡੋਨਾ ਤਿੰਨ ਸਾਲਾ ਦਾ ਸੀ ਜਦੋਂ ਇੱਕ ਬਾਲ ਉਸ ਨੂੰ ਤੋਹਫ਼ੇ ਵਜੋਂ ਮਿਲੀ। ਦਸ ਸਾਲ ਦੀ ਉਮਰ ’ਚ ਉਸ ਨੇ ਲਾਸ ਕੈਬੋਲਿੱਟਸ ਜੋ ਅਰਜਨਟੀਨੌਸ ਜੂਨੀਅਰਾਂ ਦਾ ਸਭ ਤੋਂ ਵੱਡਾ ਕਲੱਬ ਸੀ, ਦੀ ਮੈਂਬਰੀ ਲੈ ਲਈ। ਮਾਰਾਡੋਨਾ ਨੇ ਕਲੱਬ ਦੀ ਕਪਤਾਨੀ ਵੀ ਕੀਤੀ। ਉਸ ਕਲੱਬ ਵੱਲੋਂ ਉਹ ਲਗਾਤਾਰ 136 ਮੈਚ ਖੇਡਿਆ। ਜਿੱਤਾਂ ਉਹਦੇ ਕਦਮ ਚੁੰਮਦੀਆਂ ਰਹੀਆਂ। ਆਪਣੇ 16ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਉਹ ਅਰਜਨਟੀਨਾ ਦਾ ਪੇਸ਼ਾਵਰ ਖਿਡਾਰੀ ਬਣ ਕੇ ਸੀਨੀਅਰ ਖਿਡਾਰੀਆਂ ਨਾਲ ਮੈਚ ਜਿੱਤਣ ਲੱਗਾ। ਆਪਣੇ ਪ੍ਰੋਫੈਸ਼ਨਲ ਕਰੀਅਰ ਦੌਰਾਨ ਉਸ ਨੇ ਅਰਜਨਟੀਨਾ, ਇਟਲੀ ਤੇ ਸਪੇਨ ਦੀਆਂ ਚੈਂਪੀਅਨਸ਼ਿਪਾਂ ਜਿੱਤਣ ਵਿਚ ਭਰਪੂਰ ਯੋਗਦਾਨ ਪਾਇਆ।
ਸਿਖਰਲੀ ਖੇਡ ਉਸ ਨੇ 1986 ਦੇ ਵਿਸ਼ਵ ਕੱਪ ਵਿੱਚ ਵਿਖਾਈ। ਉਹ ਅਰਜਨਟੀਨਾ ਦੀ ਟੀਮ ਦਾ ਕਪਤਾਨ ਬਣ ਕੇ ਮੈਕਸੀਕੋ ਗਿਆ। ਟੀਮ ਮੁੱਢਲੀਆਂ ਜਿੱਤਾਂ ਜਿੱਤ ਕੇ ਕੁਆਟਰ ਫਾਈਨਲ ਮੈਚ ਇੰਗਲੈਂਡ ਦੀ ਟੀਮ ਵਿਰੁੱਧ ਖੇਡੀ। ਉਸ ਮੈਚ ਵਿੱਚ ਕਹਿੰਦੇ ਹਨ ਕਿ ਮੈਰੀਡੋਨਾ ਨੇ ਖੱਬੇ ਹੱਥ ਨਾਲ ਗੋਲ ਕੀਤਾ ਪਰ ਰੈਫਰੀ ਜੱਜ ਨਾ ਕਰ ਸਕੇ। ਮਾਰਾਡੋਨਾ ਨੇ ਬਾਅਦ ਵਿੱਚ ਜਤਾਇਆ ਕਿ ਉਹ ਰੱਬੀ ਹੱਥ ਦਾ ਹੀ ਕ੍ਰਿਸ਼ਮਾ ਸੀ। ਦੂਜਾ ਗੋਲ ਉਸ ਨੇ ਕਈ ਡਿਫੈਂਡਰਾਂ ਨੂੰ ਡ੍ਰਿਬਲ ਕਰ ਕੇ ਕੀਤਾ ਸੀ। ਉਹ ਦੋਵੇਂ ਗੋਲ ਬੜੀ ਦੇਰ ਚਰਚਾ ਦਾ ਵਿਸ਼ਾ ਬਣੇ ਰਹੇ। ਉਸੇ ਚਰਚਾ ਨੇ ਉਸ ਨੂੰ ਅਰਜਨਟੀਨਾ ਦਾ ਲੀਜੈਂਡਰੀ ਖਿਡਾਰੀ ਹੋਣ ਦਾ ਮਾਣ ਦੁਆਇਆ। ਉਸ ਨੇ ਅਰਜਨਟੀਨਾ ਵੱਲੋਂ 91 ਇੰਟਰਨੈਸ਼ਨਲ ਮੈਚਾਂ ਵਿੱਚ 34 ਗੋਲ ਕੀਤੇ।
ਫੁੱਟਬਾਲ ਦਾ ਸਰਬੋਤਮ ਖਿਡਾਰੀ ਹੋਣ ਦੇ ਬਾਵਜੂਦ, ਉਹ ਜਜ਼ਬਾਤੀ ਤੌਰ ’ਤੇ ਵਾਦਵਿਵਾਦੀ ਖਿਡਾਰੀ ਵੀ ਸੀ। 1980ਵਿਆਂ ਤੋਂ ਉਹ ਵਰਜਿਤ ਡਰੱਗ ਕੋਕੀਨ ਲੈਣ ਲੱਗ ਪਿਆ ਸੀ। 1991 ’ਚ ਕੀਤੇ ਡੋਪ ਟੈੱਸਟ ਦੌਰਾਨ ਉਹ ਕੋਕੀਨ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਕਰਕੇ ਉਸ ਨੂੰ ਸਪੇਨ ਦੀ ਕਲੱਬ ਨੇ 15 ਮਹੀਨਿਆਂ ਲਈ ਖੇਡਣ ਤੋਂ ਬੈਨ ਕਰ ਦਿੱਤਾ ਸੀ। ਤਿੰਨ ਸਾਲਾਂ ਬਾਅਦ ਉਹ ਵਰਜਿਤ ਡਰੱਗ ਐਫੇਡਰੀਨ ਲੈਣ ਕਰਕੇ ਫਿਰ ਤਿੰਨ ਸਾਲਾਂ ਲਈ ਮੁਅੱਤਲ ਹੋਇਆ। ਡੋਪ ਟੈਸਟ ਵਿਸ਼ਵ ਕੱਪ ਦੌਰਾਨ ਕੀਤਾ ਗਿਆ ਸੀ। ਖੇਡਣ ਦੌਰਾਨ ਉਹ ਸੱਟਾਂ ਵੀ ਖਾਂਦਾ ਰਿਹਾ ਤੇ ਬਿਮਾਰ ਵੀ ਹੁੰਦਾ ਰਿਹਾ। ਆਪਣੇ 37ਵੇਂ ਜਨਮ ਦਿਨ ’ਤੇ 1997 ਵਿੱਚ ਉਹ ਸਰਗਰਮ ਖੇਡ ਤੋਂ ਰਿਟਾਇਰ ਹੋ ਗਿਆ। ਪਰ ਰਿਟਾਇਰਮੈਂਟ ਪਿੱਛੋਂ ਵੀ ਕੋਕੀਨ ਉਹਦੇ ਨਾਲ ਰਹੀ। 2000 ਵਿੱਚ ਉਹ ਦਿਲ ਦੀਆਂ ਬਿਮਾਰੀਆਂ ਵਿੱਚ ਘਿਰ ਗਿਆ ਜਿਸ ਕਰਕੇ ਵਾਰ ਵਾਰ ਹਸਪਤਾਲ ਜਾਣਾ ਪੈਂਦਾ ਰਿਹਾ। 2004 ਵਿੱਚ ਸਾਹ ਲੈਣ ਦੀ ਸਮੱਸਿਆ ਆ ਖੜ੍ਹੀ ਹੋਈ ਤੇ ਗੈਸਟ੍ਰਿਕ-ਬਾਈਪਾਸ ਸਰਜਰੀ ਕਰਾਉਣੀ ਪਈ।
ਵੀਹਵੀਂ ਸਦੀ ਦਾ ਸਰਬੋਤਮ ਫੁੱਟਬਾਲ ਖਿਡਾਰੀ ਐਲਾਨਣ ਵੇਲੇ ਮਾਰਾਡੋਨਾ ਨੂੰ ਪੇਲੇ ਤੋਂ ਉੱਪਰ ਰੱਖਿਆ ਤਾਂ ਵਿਵਾਦ ਖੜ੍ਹਾ ਹੋ ਗਿਆ। ਸਪੈਸ਼ਲ ਪੈਨਲ ਬਣਾਇਆ ਗਿਆ ਜਿਸ ਨੇ ਦੋਹਾਂ ਨੂੰ ਵੀਹਵੀਂ ਸਦੀ ਦੇ ਸਰਬੋਤਮ ਖਿਡਾਰੀ ਐਲਾਨਿਆ। 2008 ਵਿਚ ਮਾਰਾਡੋਨਾ ਨੂੰ ਅਰਜਨਟੀਨਾ ਦੀ ਨੈਸ਼ਨਲ ਟੀਮ ਦਾ ਕੋਚ ਬਣਾਇਆ ਗਿਆ। ਅਰਜਨਟੀਨਾ ਦੀ ਟੀਮ ਵਿੱਚ ਵਿਸ਼ਵ ਦਾ ਸਰਬੋਤਮ ਫੁੱਟਬਾਲਰ ਲਿਉਨੈੱਲ ਮੈਸੀ ਵੀ ਖੇਡਦਾ ਹੋਣ ਦੇ ਬਾਵਜੂਦ 2010 ’ਚ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਜਰਮਨੀ ਨੇ ਮਾਰਾਡੋਨਾ ਦੀ ਟੀਮ ਨੂੰ 4-0 ਗੋਲਾਂ ਨਾਲ ਹਰਾ ਦਿੱਤਾ। ਮਾਰਾਡੋਨਾ ਦੀ ਫਿਰ ਛੁੱਟੀ ਕਰ ਦਿੱਤੀ ਗਈ। ਫਿਰ ਉਸ ਨੂੰ ਬ੍ਰੇਨ ਸਟਰੋਕ ਹੋ ਗਿਆ ਜਿਸ ਦੀ ਸਰਜਰੀ ਕਰਾਉਣੀ ਪਈ। ਉਹ 25 ਨਵੰਬਰ 2020 ਨੂੰ ਆਪਣੇ ਅਰਜਨਟੀਨਾ ਵਾਲੇ ਘਰ ’ਚ ਦਿਲ ਦੇ ਦੌਰੇ ਕਾਰਨ ਸਰੀਰ ਛੱਡ ਗਿਆ। ਉਸ ਦਾ ਸਰੀਰ ਭਾਵੇਂ ਨਹੀਂ ਰਿਹਾ ਪਰ ਉਹਦੀ ਖੇਡ ਦੀ ਚਰਚਾ ਸਦਾ ਹੁੰਦੀ ਰਹੇਗੀ।
ਈ-ਮੇਲ: principalsarwansingh@gmail.com