ਹਰਿਆਣਾ ਨਾਲ ਲੱਗਦੇ ਖੇਤਰ ਸੀਲ, ਸ਼ਰਰਾਤੀਆਂ ’ਤੇ ਰਹੇਗੀ ਪੁਲੀਸ ਦੀ ਬਾਜ਼ ਅੱਖ: ਨਾਨਕ ਸਿੰਘ
ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਪੁਲੀਸ ਵਿਭਾਗ ’ਚ ਨਿਵੇਕਲਾ ਨਾਂ ਅਤੇ ਥਾਂ ਰੱਖਦੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ (ਆਈਪੀਐੱਸ) ਨੇ ਦੱਸਿਆ ਕਿ ਵੋਟਾਂ ਦੌਰਾਨ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ’ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਯਕੀਨੀ ਬਣਾਉਣ ਲਈ ਪਟਿਆਲਾ ਪੁਲੀਸ, ਕਮਾਂਡੋ, ਪੀਏਪੀ ਅਤੇ ਹੋਰ ਵਿੰਗਾਂ ਦੀ ਲੋੜੀਂਦੀ ਤਾਇਨਾਤੀ ਕੀਤੀ ਗਈ ਹੈ। ਵਾਇਰਲੈੱਸ ਨਾਲ ਲੈਸ ਪੈਟਰੋਲਿੰਗ ਪਾਰਟੀਆਂ ਅਤੇ ਘੋੜ ਸਵਾਰ ਪੁਲੀਸ ਵੀ ਤਾਇਨਾਤ ਰਹੇਗੀ। ਕੁਝ ਥਾਈਂ ਵਿਸ਼ੇਸ਼ ਉੱਡਣ ਦਸਤੇ ਵੀ ਸਰਗਰਮ ਰਹਿਣਗੇ। ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ’ਚ ਅਨੇਕਾਂ ਹੀ ਅੰਤਰਰਾਜੀ ਨਾਕੇ ਅਤੇ ਅੰਤਰ ਜ਼ਿਲ੍ਹਾ ਨਾਕੇ ਲਗਾਏ ਗਏ ਹਨ ਅਤੇ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਗ਼ੈਰ ਸਮਾਜੀ ਅਨਸਰਾਂ ਨੂੰ ਤਾੜਨਾ ਕਰਦਿਆਂ ਡਾ.ਨਾਨਕ ਸਿੰਘ ਨੇ ਕਿਹਾ ਕਿ ਗੜਬੜੀ ਕਰਨ ਵਾਲ਼ੇ ਹਰੇਕ ਵਿਅਕਤੀ ਨਾਲ ਸਖਤੀ ਨਾਲ ਪੇਸ ਆਇਆ ਜਾਵੇਗਾ। ਮਾਹੌਲ ਖ਼ਰਾਬ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਨਾਲ ਸਬੰਧਤ ਡੀਐਸਪੀਜ਼ ਨਾਲ ਜ਼ਿਲ੍ਹਾ ਪੁਲੀਸ ਮੁਖੀ ਨੇ ਵੱਖਰੇ ਤੌਰ ’ਤੇ ਵੀ ਮੀਟਿੰਗਾਂ ਕੀਤੀਆਂ, ਤਾਂ ਜੋ ਗੜਬੜੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗੂੰਜਾਇਸ਼ ਨਾ ਰਹੇ। ਇਸ ਤਹਿਤ ਪਟਿਆਲਾ ਦੇ ਡੀਐੱਸਪੀ ਰੂਰਲ ਰਾਜੇਸ਼ ਛਿੱਬੜ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਾਲੇ ਇਲਾਕਿਆਂ ’ਚ ਕਈ ਅੰਤਰਾਰਾਜੀ ਨਾਕਿਆਂ ਤੋਂ ਇਲਾਵਾ ਚੋਰ ਮੋਰੀਆਂ ਵਾਲ਼ੇ ਰਸਤਿਆਂ ’ਤੇ ਵੀ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ।