ਤੀਰਅੰਦਾਜ਼ੀ ਵਿਸ਼ਵ ਕੱਪ: ਦੀਪਿਕਾ ਨੇ ਪੰਜਵਾਂ ਚਾਂਦੀ ਦਾ ਤਗ਼ਮਾ ਜਿੱਤਿਆ
ਤਲਾਕਸਕਲਾ (ਮੈਕਸੀਕੋ), 21 ਅਕਤੂਬਰ
ਭਾਰਤ ਦੀ ਸਿਖਰਲੀ ਰਿਕਰਵ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਅੱਜ ਇੱਥੇ ਵਿਸ਼ਵ ਕੱਪ ਫਾਈਨਲ ਵਿੱਚ ਆਪਣਾ ਪੰਜਵਾਂ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਫਾਈਨਲ ਵਿੱਚ ਚੀਨ ਦੀ ਲੀ ਜਿਆਮਨ ਹੱਥੋਂ 0-6 ਨਾਲ ਹਾਰ ਗਈ। ਦਸੰਬਰ 2022 ਵਿੱਚ ਆਪਣੀ ਧੀ ਦੇ ਜਨਮ ਤੋਂ ਬਾਅਦ ਵਿਸ਼ਵ ਕੱਪ ਫਾਈਨਲ ਵਿੱਚ ਵਾਪਸੀ ਕਰਨ ਵਾਲੀ ਚਾਰ ਵਾਰ ਦੀ ਓਲੰਪੀਅਨ ਦੀਪਿਕਾ ਨੂੰ ਸੈਮੀਫਾਈਨਲ ਤੱਕ ਕੋਈ ਮੁਸ਼ਕਲ ਨਹੀਂ ਆਈ ਪਰ ਸੋਨ ਤਗ਼ਮੇ ਦੇ ਮੈਚ ’ਚ ਉਹ ਚੀਨੀ ਖਿਡਾਰਨ ਹੱਥੋਂ ਹਾਰ ਗਈ। ਦੀਪਿਕਾ ਨੌਵੀਂ ਵਾਰ ਵਿਸ਼ਵ ਕੱਪ ਫਾਈਨਲ ਖੇਡ ਰਹੀ ਸੀ। ਪੁਰਸ਼ਾਂ ਦੇ ਰਿਕਰਵ ਵਰਗ ਵਿੱਚ ਧੀਰਜ ਬੋਮਾਦੇਵਰਾ 4-2 ਨਾਲ ਅੱਗੇ ਰਹਿਣ ਦੇ ਬਾਵਜੂਦ ਪਹਿਲੇ ਗੇੜ ਵਿੱਚ ਪੈਰਿਸ ਓਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਦੱਖਣੀ ਕੋਰੀਆ ਦੇ ਲੀ ਵੂ ਸਿਓਕ ਹੱਥੋਂ ਹਾਰ ਗਿਆ। ਪੰਜ ਮੈਂਬਰੀ ਭਾਰਤੀ ਦਲ ਵਿੱਚ ਤਿੰਨ ਕੰਪਾਊਂਡ ਅਤੇ ਦੋ ਰਿਕਰਵ ਤੀਰਅੰਦਾਜ਼ ਸ਼ਾਮਲ ਸਨ ਪਰ ਭਾਰਤ ਦੀ ਝੋਲੀ ਸਿਰਫ ਇੱਕ ਤਗ਼ਮਾ ਪਿਆ ਹੈ। ਸੈਮੀਫਾਈਨਲ ’ਚ ਮੈਕਸੀਕੋ ਦੀ ਅਲੇਜੈਂਡਰਾ ਵਾਲੇਂਸੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੀਪਿਕਾ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੀ। ਉਸ ਨੇ ਪਹਿਲਾ ਸੈੱਟ ਇਕ ਅੰਕ (26-27) ਨਾਲ ਗੁਆਇਆ। ਦੂਜਾ ਸੈੱਟ ਵੀ ਲੀ ਨੇ 30-28 ਨਾਲ ਜਿੱਤ ਲਿਆ। -ਪੀਟੀਆਈ