ਤੀਰਅੰਦਾਜ਼ੀ: ਧੀਰਜ ਨੇ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕੀਤਾ
ਬੈਂਕਾਕ: ਤੀਰਅੰਦਾਜ਼ ਧੀਰਜ ਬੋਮਾਦੇਵਰਾ ਨੇ ਅੱਜ ਇੱਥੇ ਏਸ਼ਿਆਈ ਮਹਾਂਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਤੀਰਅੰਦਾਜ਼ੀ ਵਿੱਚ ਪਹਿਲਾ ਪੈਰਿਸ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਭਾਰਤ ਦਾ ਸੀਨੀਅਰ ਤੀਰਅੰਦਾਜ਼ ਤਰੁਣਦੀਪ ਰਾਏ ਅੱਠਵੇਂ ਸਥਾਨ ’ਤੇ ਰਿਹਾ। ਬੋਮਾਦੇਵਰਾ ਇਹ ਤਗ਼ਮਾ ਜਿੱਤਣ ਵਾਲਾ ਇਕਲੌਤਾ ਭਾਰਤੀ ਸੀ। ਇਸ 22 ਸਾਲਾ ਤੀਰਅੰਦਾਜ਼ ਨੇ ਨਿਰਾਸ਼ ਨਹੀਂ ਕੀਤਾ ਅਤੇ ਇਸ ਨੇ ਸਿੱਧੇ ਦੋ ਸੈੱਟ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ। ਏਸ਼ਿਆਈ ਮਹਾਂਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਵਿਅਕਤੀਗਤ ਫਾਈਨਲ ਵਿੱਚ ਪੁੱਜਣ ਵਾਲੇ ਦੋ ਦੇਸ਼ਾਂ ਨੂੰ ਪੈਰਿਸ ਓਲੰਪਿਕ ਮਿਲੇਗਾ। ਹਾਲਾਂਕਿ, ਧੀਰਜ ਸੋਨ ਤਗ਼ਮਾ ਜਿੱਤਣ ਵਿੱਚ ਅਸਫਲ ਰਿਹਾ। ਉਹ ਚੀਨੀ ਤਾਇਪੈ ਦੇ ਖਿਡਾਰੀ ਜ਼ਿਹ-ਸਿਆਂਗ ਲਿਨ ਤੋਂ 5-6 (29-28, 27-29, 28-28, 30-28, 25-26) (9-10) ਨਾਲ ਹਾਰ ਗਿਆ। ਧੀਰਜ ਨੇ ਕੁਆਰਟਰ ਫਾਈਨਲ ਵਿੱਚ ਇਰਾਨ ਦੇ ਸਦੇਗ਼ ਅਸ਼ਰਫੀ ਬਾਵਿਲੀ ਨੂੰ 6-0 (28-27, 28-25, 28-27) ਨਾਲ ਸ਼ਿਕਸਤ ਦਿੱਤੀ ਸੀ। ਭਾਰਤ ਮਹਿਲਾਵਾਂ ਦੇ ਵਿਅਕਤੀਗਤ ਵਰਗ ਵਿੱਚ ਕੋਟਾ ਹਾਸਲ ਨਹੀਂ ਕਰ ਸਕਿਆ। ਤੀਰਅੰਦਾਜ਼ ਅੰਕਿਤਾ ਭਗਤ ਕੁਆਰਟਰਜ਼ ਵਿੱਚ ਹਾਰ ਗਈ। -ਪੀਟੀਆਈ