ਤੀਰਅੰਦਾਜ਼ੀ: ਧੀਰਜ ਤੇ ਅੰਕਿਤਾ ਤਗ਼ਮੇ ਤੋਂ ਖੁੰਝੇ
ਪੈਰਿਸ:
ਭਾਰਤ ਦੇ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਗਤ ਪੈਰਿਸ ਓਲੰਪਿਕ ਵਿੱਚ ਮਿਕਸਡ ਡਬਲਜ਼ ਤੀਰਅੰਦਾਜ਼ੀ ਵਿੱਚ ਅੱਜ ਤਗ਼ਮੇ ਤੋਂ ਖੁੰਝ ਗਏ। ਭਾਰਤੀ ਜੋੜੀ ਨੂੰ ਤਗ਼ਮੇ ਦੇ ਮੁਕਾਬਲੇ ਵਿੱਚ ਅਮਰੀਕਾ ਦੇ ਕੈਸੀ ਕੌਫਹੋਲਡ ਅਤੇ ਬ੍ਰੈਡੀ ਐਲੀਸਨ ਦੀ ਜੋੜੀ ਨੇ 6-2 ਨਾਲ ਹਰਾ ਦਿੱਤਾ। ਧੀਰਜ ਅਤੇ ਅੰਕਿਤਾ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਸੈਮੀਫਾਈਨਲ ਵਿੱਚ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਕਿਮ ਵੂ-ਜਿਨ ਅਤੇ ਲਿਮ ਸਿਹਿਯੋਨ ਦੀ ਦੱਖਣੀ ਕੋਰੀਆ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਤੋਂ 2-6 ਨਾਲ ਹਾਰਨ ਤੋਂ ਬਾਅਦ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ’ਚ ਪਹੁੰਚੀ ਸੀ। ਅਮਰੀਕੀ ਜੋੜੀ ਖ਼ਿਲਾਫ਼ ਭਾਰਤੀ ਤੀਰਅੰਦਾਜ਼ਾਂ ਨੇ ਪਹਿਲੇ ਦੋ ਸੈੱਟ ਗੁਆ ਦਿੱਤੇ। ਭਾਰਤੀ ਤੀਰਅੰਦਾਜ਼ਾਂ ਨੇ ਤੀਜਾ ਸੈੱਟ ਜਿੱਤ ਕੇ ਵਾਪਸੀ ਦੀ ਉਮੀਦ ਜਤਾਈ ਪਰ ਕੈਸੀ ਅਤੇ ਬ੍ਰੈਡੀ ਦੀ ਜੋੜੀ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ 38-37, 37-35, 34-38, 37-35 ਨਾਲ ਕਾਂਸੇ ਦਾ ਤਗ਼ਮਾ ਜਿੱਤ ਲਿਆ। ਇਸ ਤੋਂ ਪਹਿਲਾਂ ਧੀਰਜ ਅਤੇ ਅੰਕਿਤਾ ਨੂੰ ਦੱਖਣੀ ਕੋਰਿਆਈ ਜੋੜੀ ਤੋਂ 38-36, 35-38, 36-38, 38-39 ਨਾਲ ਹਾਰ ਝੱਲਣੀ ਪਈ। ਭਾਰਤੀ ਜੋੜੀ ਨੇ ਕੁਆਰਟਰ ਫਾਈਨਲ ਵਿੱਚ ਪਾਬਲੋ ਗੋਂਜ਼ਾਲੇਜ਼ ਤੇ ਇਲੀਆ ਕਨਾਲੇਸ ਦੀ ਸਪੇਨੀ ਜੋੜੀ ਨੂੰ 5-3 ਨਾਲ ਹਰਾਇਆ ਸੀ। ਧੀਰਜ ਅਤੇ ਅੰਕਿਤਾ ਨੇ 38-37, 38-38, 36-37 37-36 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਇੰਡੋਨੇਸ਼ੀਆ ਦੀ ਡਿਆਨਾਨੰਦਾ ਚੋਈਰੁਨਿਸਾ ਤੇ ਆਰਿਫ ਪੰਗੇਸਤੂ ਨੂੰ 5-1 ਨਾਲ ਹਰਾਇਆ ਸੀ। -ਪੀਟੀਆਈ