ਤੀਰਅੰਦਾਜ਼ੀ: ਭਾਰਤ ਨੇ ਅੰਡਰ-18 ਮਹਿਲਾ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ
ਨਵੀਂ ਦਿੱਲੀ, 5 ਅਕਤੂਬਰ
ਤੀਰਅੰਦਾਜ਼ ਵੈਸ਼ਨਵੀ ਪਵਾਰ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਚੀਨੀ ਤਾਇਪੇ ਵਿੱਚ ਚੱਲ ਰਹੀ 2024 ਏਸ਼ਿਆਈ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਰਿਕਰਵ ਅੰਡਰ-18 ਮਹਿਲਾ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਵੈਸ਼ਨਵੀ ਨੇ ਹਰੇਕ ਰਾਊਂਡ ਵਿੱਚ ਤਿੰਨ ਮੈਂਬਰੀ ਭਾਰਤੀ ਟੀਮ ਲਈ ਪਹਿਲਾ ਸ਼ਾਟ ਲਿਆ। ਉਸ ਦੇ ਚੰਗੇ ਪ੍ਰਦਰਸ਼ਨ ਨਾਲ ਭਾਰਤੀ ਟੀਮ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਸ਼ੂਟ ਆਫ ਵਿੱਚ ਹਰਾਉਣ ’ਚ ਸਫ਼ਲ ਰਹੀ। ਭਾਰਤੀ ਟੀਮ ਵਿੱਚ ਪ੍ਰਾਂਜਲ ਥੋਲੀਆ ਅਤੇ ਜੰਨਤ ਵੀ ਸ਼ਾਮਲ ਸੀ। ਚੀਨੀ ਤਾਇਪੇ ਖ਼ਿਲਾਫ਼ ਫਾਈਨਲ ’ਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਇੱਕ ਸਮੇਂ ਉਹ 2-4 ਨਾਲ ਉਸ ਤੋਂ ਪਿੱਛੇ ਚੱਲ ਰਿਹਾ ਸੀ ਪਰ ਇਸ ਮਗਰੋਂ ਭਾਰਤੀ ਟੀਮ ਨੇ ਚੰਗਾ ਖੇਡ ਨਾਲ ਮੁਕਾਬਲਾ ਸ਼ੂਟ ਆਫ ਤੱਕ ਖਿੱਚ ਦਿੱਤਾ। ਚੀਨੀ ਤਾਇਪੇ ਦੀ ਟੀਮ ਨੇ ਸ਼ੂੁਟ ਆਫ ਵਿੱਚ ਜਿੱਤ ਦਰਜ ਕਰਦਿਆਂ ਸੋਨ ਤਗ਼ਮਾ ਜਿੱਤਿਆ। ਵੈਸ਼ਨਵੀ ਨੇ ਮੁਕਾਬਲੇ ਮਗਰੋਂ ਕਿਹਾ, ‘‘ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਨੂੰ ਹਰਾਉਣਾ ਵੱਡੀ ਪ੍ਰਾਪਤੀ ਹੈ। ਏਸ਼ਿਆਈ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣਾ ਸਾਡੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਇਸ ਨਾਲ ਮੈਨੂੰ ਭਵਿੱਖ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਮਿਲੇਗੀ। -ਪੀਟੀਆਈ