ਤੀਰਅੰਦਾਜ਼ੀ: ਸਰਿਤਾ ਨੂੰ ਕਾਂਸੇ ਦਾ ਤਗ਼ਮਾ
ਬੈਂਕਾਕ, 20 ਨਵੰਬਰ
ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਨੇ ਅੱਜ ਇੱਥੇ ਪੈਰਾ ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਆਪਣੇ ਮੁਕਾਬਲਿਆਂ ਦੇ ਫਾਈਨਲ ’ਚ ਪਹੁੰਚ ਕੇ ਘੱੱਟੋ-ਘੱਟ ਦੋ ਚਾਂਦੀ ਦੇ ਤਗ਼ਮੇ ਪੱਕੇ ਕਰ ਲਏ, ਜਦਕਿ ਸਰਿਤਾ ਦੇਵੀ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਸਰਿਤਾ ਨੇ ਮਹਿਲਾ ਕੰਪਾਊਂਡ ਓਪਨ ਵਰਗ ਵਿੱਚ ਕਾਂਸੇ ਦੇ ਤਗ਼ਮੇ ਦੇ ਆਲ ਇੰਡੀਅਨ ਮੁਕਾਬਲੇ ’ਚ ਜਯੋਤੀ ਬਾਲਿਆਨ ਨੂੰ 139-135 ਨਾਲ ਹਰਾਇਆ। ਪੈਰਾ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਸ਼ੀਤਲ ਨੇ ਇਸ ਤੋਂ ਪਹਿਲਾਂ ਸਰਿਤਾ ਨੂੰ ਸੈਮੀਫਾਈਨਲ ਵਿੱਚ 143-138 ਨਾਲ ਹਰਾ ਕੇ ਮਹਿਲਾ ਕੰਪਾਊਂਡ ਓਪਨ ਵਰਗ ਦੇ ਸੋਨ ਤਗ਼ਮੇ ਦੇ ਮੁਕਾਬਲੇ ’ਚ ਜਗ੍ਹਾ ਬਣਾਈ। ਸ਼ੀਤਲ ਫਾਈਨਲ ਵਿੱਚ ਸਿੰਗਾਪੁਰ ਦੀ ਨੂਰ ਸਯਾਹਿਦਾਹ ਨਾਲ ਭਿੜੇਗੀ, ਜਿਸ ਨੇ ਸੈਮੀਫਾਈਨਲ ਵਿੱਚ ਜਯੋਤੀ ਨੂੰ 150-138 ਨਾਲ ਹਰਾਇਆ। ਰਾਕੇਸ਼ ਨੇ ਵੀ ਪੁਰਸ਼ ਕੰਪਾਊਂਡ ਓਪਨ ਫਾਈਨਲ ਵਿੱਚ ਜਗ੍ਹਾ ਬਣਾ ਕੇ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਰਾਕੇਸ਼ ਨੇ ਆਖ਼ਰੀ ਚਾਰ ਦੇ ਮੁਕਾਬਲੇ ਵਿੱਚ ਜਾਪਾਨ ਦੇ ਯੁਆ ਓਈ ਨੂੰ 143-142 ਨਾਲ ਹਰਾਇਆ। ਭਾਰਤ 23 ਨਵੰਬਰ ਨੂੰ ਇੱਥੇ ਸ਼ੁਰੂ ਹੋ ਰਹੇ ਕੁਆਲੀਫਾਇੰਗ ਮੁਕਾਬਲੇ ਜ਼ਰੀਏ ਪੈਰਿਸ ਪੈਰਾ-ਓਲੰਪਿਕ ਦੇ ਆਪਣੇ ਛੇ ਕੋਟਾ (ਚਾਰ ਕੰਪਾਊਂਡ ਅਤੇ ਦੋ ਰਿਕਰਵ) ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਹਾਲਾਂਕਿ ਰਿਕਰਵ ਵਰਗ ਵਿੱਚ ਤਗ਼ਮਾ ਜਿੱਤਣ ’ਚ ਨਾਕਾਮ ਰਿਹਾ, ਜਦੋਂ ਟੋਕੀਓ ਪੈਰਾ-ਓਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਹਰਵਿੰਦਰ ਸਿੰਘ ਪ੍ਰੀ-ਕੁਆਰਟਰ ਫਾਈਨਲ ’ਚੋਂ ਬਾਹਰ ਹੋ ਗਿਆ। ਹਰਵਿੰਦਰ ਨੂੰ ਪੁਰਸ਼ ਰਿਕਰਵ ਵਰਗ ਵਿੱਚ ਜਾਪਾਨ ਦੇ ਤੋਮੋਹਿਰੋ ਓਏਯਾਮਾ ਖ਼ਿਲਾਫ਼ ਸ਼ੂਟ-ਆਫ਼ ਵਿੱਚ 5-6 ਨਾਲ ਹਾਰ ਝੱਲਣੀ ਪਈ। ਵਿਵੇਕ ਚਿਕਾਰਾ ਨੂੰ ਆਖ਼ਰੀ ਅੱਠ ਦੇ ਮੁਕਾਬਲੇ ਵਿੱਚ ਚੀਨ ਦੇ ਦੂਜਾ ਦਰਜਾ ਪ੍ਰਾਪਤ ਜੂਨ ਗੇਨ ਖ਼ਿਲਾਫ਼ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਰਿਕਰਵ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਪੂਜਾ ਕੁਆਰਟਰ ਫਾਈਨਲ ਵਿੱਚ ਇਕਤਰਫ਼ਾ ਮੁਕਾਬਲੇ ’ਚ ਮੰਗੋਲੀਆ ਦੀ ਸੇਲੇਂਗੀ ਡੇਮਬੇਰੇਲ ਤੋਂ 0-6 ਨਾਲ ਹਾਰ ਗਈ। -ਪੀਟੀਆਈ