ਸੰਸਦ ਮੈਂਬਰਾਂ ਦੀ ਮੁਅੱਤਲੀ ਤਾਕਤ ਦੀ ਆਪਹੁਦਰੀ ਵਰਤੋਂ: ਅਸ਼ਵਨੀ ਕੁਮਾਰ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਦਸੰਬਰ
ਸਰਦ ਰੁੱਤ ਇਜਲਾਸ ਦੌਰਾਨ ਵਿਰੋਧੀ ਧਿਰਾਂ ਦੇ 140 ਤੋਂ ਵੱਧ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਜਾਰੀ ਟਕਰਾਅ ਦਰਮਿਆਨ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਮੁਅੱਤਲੀਆਂ ਨੂੰ ਤਾਕਤ ਦੀ ਆਪਹੁਦਰੀ ਵਰਤੋਂ ਕਰਾਰ ਦਿੱਤਾ ਹੈ। ਕੁਮਾਰ ਇਥੇ ਆਪਣੀ ਕਿਤਾਬ ‘ਏ ਡੈਮੋਕਰੇਸੀ ਇਨ ਰਿਟਰੀਟ: ਰੀਵਿਜ਼ਟਿੰਗ ਦਿ ਐਂੱਡਜ਼ ਆਫ਼ ਪਾਵਰ’ ਦੇ ਲੋਕ ਅਰਪਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕਿਤਾਬ ਰਿਲੀਜ਼ ਕਰਨ ਦੀ ਰਸਮ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਨਿਭਾਈ। ਕੁਮਾਰ ਨੇ ਕਿਹਾ, ‘‘ਤਾਕਤ ਦੀ ਹੋਂਦ ਇਕ ਗੱਲ, ਤੇ ਇਸ ਦੀ ਵਰਤੋਂ ਬਿਲੁਕਲ ਵੱਖਰੀ ਗੱਲ ਹੈ। ਤਾਕਤ ਦੀ ਵਰਤੋਂ ਦਾ ਢੰਗ ਤਰੀਕਾ ਇਸ ਨੂੰ ਜਾਇਜ਼-ਨਾਜਾਇਜ਼ ਬਣਾਉਂਦਾ ਹੈ।’’ ਸਾਬਕਾ ਕਾਨੂੰਨ ਮੰਤਰੀ ਨੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੀਤੀਆਂ ਜਾਂਦੀਆਂ ਹਲਕੀਆਂ ਟਿੱਪਣੀਆਂ ਨੂੰ ਗ਼ਲਤ ਦੱਸਿਆ।
ਕੁਮਾਰ ਨੇ ਕਿਹਾ ਕਿ ਕੋਵਿਡ 19 ਸੰਕਟ ਦੌਰਾਨ ਅਤੇ ਵਿਦੇਸ਼ ਨੀਤੀ ਤੇ ਕੌਮੀ ਸੁਰੱਖਿਆ ਨਾਲ ਜੁੜੇ ‘ਅਹਿਮ ਮੁੱਦਿਆਂ’ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਨਿਖੇਧੀ ਕਰਨਾ ਗ਼ਲਤ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਮੌਕੇ ਦੀ ਸਰਕਾਰ ਦੇ ਫੈਸਲੇ ’ਤੇ ਛੱਡ ਦੇਣਾ ਚਾਹੀਦਾ ਸੀ। ਰਾਸ਼ਟਰੀ ਜਨਤਾ ਦਲ ਦੇ ਐੱਮਪੀ ਮਨੋਜ ਝਾਅ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ, ‘‘ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਡਰ ਨਹੀਂ ਕਿ ਇਕ ਪਾਸੇ ਜਿੱਥੇ ਅਸੀਂ ਸਰਕਾਰ ਦੀ ਨੁਕਤਾਚੀਨੀ ਕਰਦੇ ਹਾਂ ਤੇ ਸਾਡੇ ਵਿਚੋਂ ਬਹੁਤੇ ਖੁ਼ਦ ਨੂੰ ਆਈਨਾ ਦਿਖਾਉਣ ਵਿੱਚ ਨਾਕਾਮ ਹਨ। ਅਸੀਂ ਕੀ ਕੀਤਾ ਹੈ? ਜੇ ਮੈਂ ਆਪਣੀ ਗੱਲ ਕਰਾਂ, ਮੈਂ ਮੰਨਦਾ ਹਾਂ ਕਿ ਸੰਸਦ ਮੈਂਬਰ ਵਜੋਂ ਮੇਰੀ ਭੂਮਿਕਾ ਇਹ ਨਹੀਂ ਕਿ ਮੈਂ ਸਦਨ ਦੇ ਐਨ ਵਿਚਾਲੇ ਜਾਣ ਦਾ ਕੰਮ ਸਥਾਈ ਰੂਪ ’ਚ ਕਰਦਾ ਰਹਾਂ। ਹੋਰ ਵੀ ਕਈ ਵਿਕਲਪ ਮੌਜੂਦ ਹਨ।’’ ਝਾਅ ਨੇ ਕਿਹਾ, ‘‘ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਚੱਲ ਰਿਹਾ ਵਾਰਤਾਲਾਪ ਵੈਰ-ਵਿਰੋਧ ਤੇ ਦੁਸ਼ਮਣੀ ’ਤੇ ਅਧਾਰਿਤ ਹੈ। ਉਨ੍ਹਾਂ ਵੱਲੋਂ ਵਰਤੀ ਜਾਂਦੀ ਭਾਸ਼ਾ ਦੇਖੋ, ਅਸੀਂ ਵੀ ਇਹੀ ਭਾਸ਼ਾ ਵਰਤਦੇ ਹਾਂ। ਲਿਹਾਜ਼ਾ ਇਸ ਨਾਲ ਸੱਤਾਧਾਰੀ ਪਾਰਟੀ ਜਾਂ ਵਿਰੋਧੀ ਧਿਰ ਦਾ ਕੋਈ ਵਿਅਕਤੀ ਵਿਸ਼ੇਸ਼ ਮੈਂਬਰ ਅਸਰਅੰਦਾਜ਼ ਨਹੀਂ ਹੁੰਦਾ। ਇਥੇ ਪੀੜਤ ਉਹ ਇਮਾਰਤ ਹੈ, ਜਿਸ ਨੂੰ ਭਾਰਤੀ ਸੰਸਦ ਕਹਿੰਦੇ ਹਨ, ਇਥੇ ਪੀੜਤ ਜਮਹੂਰੀਅਤ ਦਾ ਵਿਚਾਰ ਹੈ।’’