For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਨੇ ਝੰਭਿਆ ਪੰਜਾਬ-ਹਰਿਆਣਾ ਹੱਦ ’ਤੇ ਵਸਦਾ ਪਿੰਡ ਅਰਨੇਟੂ

10:17 AM Aug 07, 2023 IST
ਹੜ੍ਹਾਂ ਨੇ ਝੰਭਿਆ ਪੰਜਾਬ ਹਰਿਆਣਾ ਹੱਦ ’ਤੇ ਵਸਦਾ ਪਿੰਡ ਅਰਨੇਟੂ
ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੇਟੂ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੰਜ਼ਰ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਅਗਸਤ
ਘੱਗਰ ਦੇ ਕੰਢੇ ਅਤੇ ਹਰਿਆਣਾ ਦੀ ਹੱਦ ਉੱਤੇ ਵੱਸਦੇ ਪੰਜਾਬ ਦੇ ਆਖ਼ਰੀ ਪਿੰਡ ਅਰਨੇਟੂ ਵਿੱਚ ਹੜ੍ਹਾਂ ਨੇ ਖਾਸੀ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਪਿੰਡ ਵਾਸੀਆਂ ਦੇ ਘਰ-ਬਾਰ ਤੇ ਰੁਜ਼ਗਾਰ ਖੁੱਸ ਗਏ ਹਨ ਤੇ ਇਥੇ ਹੋਈ ਬਰਬਾਦੀ ਨੂੰ ਵੇਖ ਕੇ ਦਿਲ ਦਹਿਲਦਾ ਹੈ। ਇਥੋਂ ਦੀ ਜ਼ਮੀਨ ਵਿਚਲੇ ਡੂੰਘੇ ਖੱਡਿਆਂ, ਡਿੱਗੇ ਮਕਾਨ, ਕੰਧਾਂ ਵਿੱਚ ਤਰੇੜਾਂ, ਪਸ਼ੂਆਂ ਦੇ ਮਰਨ ਨਾਲ ਪਿੰਡ ਵਾਸੀਆਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੁਦਰਤੀ ਕਰੋਪੀ ਤੋਂ ਉਭਰਦੇ ਲੋਕ ਸਰਕਾਰ ਦੀ ਆਲੋਚਨਾ ਰਹੇ ਹਨ ਤੇ ਮਦਦ ਲਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰ ਰਹੇ ਹਨ।
ਪਿੰਡ ਦੇ ਚੌਕੀਦਾਰ ਸੇਵਾ ਰਾਮ, ਅਮਨ ਸਿੰਘ, ਜੋਧ ਸਿੰਘ, ਪ੍ਰੇਮ ਸਿੰਘ, ਕਸ਼ਮੀਰ ਸਿੰਘ ਨੇ ਕਿਹਾ ਹੈ ਕਿ ਰਾਮਪੁਰ ਪੜਤਾ ਤੇ ਹਰਿਆਣਾ ਵੱਲੋਂ ਦਸ ਫੁੱਟ ਤਕ ਆਈਆਂ ਪਾਣੀ ਦੀਆਂ ਛੱਲਾਂ ਨੇ ਪਲਾਂ ਵਿਚ ਹੀ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਸੀ। ਉਨ੍ਹਾਂ ਬਰਬਾਦੀ ਦੇ ਦ੍ਰਿਸ਼ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜ਼ਮੀਨ ਵਿਚ ਪਏ ਡੂੰਘੇ ਖੱਡੇ ਅਰਮਾਨਾਂ ਨੂੰ ਢਹਿ-ਢੇਰੀ ਕਰਦੇ ਹਨ, ਘਰਾਂ ਦੀਆਂ ਤਰੇੜਾਂ ਸੀਨੇ ਨੂੰ ਚੀਰਦੀਆਂ ਤੇ ਡਿੱਗੇ ਮਕਾਨ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹੇ ਹੋਣੋਂ ਅਸਮਰੱਥ ਕਰਦੇ ਹਨ। ਦੁੱਖ ਦੀ ਘੜੀ ਵਿਚ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ, ਇਸ ਦੌਰਾਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ, ਉਹ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਰਿਣੀ ਹਨ। ਘਰਾਂ ’ਚ ਪਿਆ ਘਰੇਲੂ ਸਾਮਾਨ ਰੁੜ੍ਹ ਜਾਣ ਜਾਂ ਜ਼ਮੀਨ ਧੱਸਣ ਕਾਰਨ ਉਹ ਆਰਥਿਕ ਪੱਖੋਂ ਟੁੱਟ ਗਏ ਹਨ। ਫ਼ਸਲਾਂ ਦੇ ਗਲਣ-ਸੜਨ ਦੀ ਬਦਬੂ ਤੇ ਬਿਮਾਰੀਆਂ ਫੈਲਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਬੋਰਾਂ ’ਚ ਗੰਧਲਾ ਪਾਣੀ ਆਉਣ ਕਰ ਕੇ ਉਹ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਗਿਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਹਵਾਈ ਸਰਵੇਖਣ ਵੀ ਨਹੀਂ ਕੀਤਾ। ਉਨ੍ਹਾਂ ਦੱਸਿਆ ਹੈ ਕਿ ਹੜ੍ਹ ਦੌਰਾਨ ਗੁਰਜੰਟ ਸਿੰਘ ਦੀਆਂ ਦੋ, ਗੇਂਦਾਂ ਰਾਮ ਤੇ ਮੇਜਰ ਸਿੰਘ ਦੀ ਇਕ-ਇਕ ਗਾਂ ਮਰ ਗਈ ਹੈ।

Advertisement

ਸੜਕ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਸ਼ੁਰੂ

ਪਿੰਡ ਨੂੰ ਮੁੜ ਪੰਜਾਬ ਨਾਲ ਜੋੜਨ ਲਈ ਪੁਲ ਅੱਗੋਂ ਰੁੜੀ ਸੈਂਕੜੇ ਮੀਟਰ ਸੜਕ ਵਿੱਚ ਟਰਾਲੀਆਂ ਨਾਲ ਮਿੱਟੀ ਪਾਉਣ ਦਾ ਕੰਮ ਦੋ ਦਿਨ ਪਹਿਲਾਂ ਸ਼ੁਰੂ ਹੋਇਆ ਹੈ। ਇਸੇ ਦੌਰਾਨ ਅਕਾਲੀ ਆਗੂ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੈੱਕਅਪ ਅਤੇ ਮੈਡੀਕਲ ਕੈਂਪ ਲਗਵਾਉਣਗੇ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਅਰਨੇਟੂ ਜਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਤੇ ਜਲਦੀ ਹੀ ਫ਼ਸਲਾਂ, ਡਿੱਗੇ ਘਰਾਂ ਤੇ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇਗਾ।

Advertisement

Advertisement
Author Image

Advertisement