ਏਆਰ ਰਹਿਮਾਨ ਵੱਲੋਂ ਕਮਲਾ ਹੈਰਿਸ ਦੀ ਚੋਣ ਮੁਹਿੰਮ ਦੀ ਹਮਾਇਤ
ਵਾਸ਼ਿੰਗਟਨ, 12 ਅਕਤੂਬਰ
ਉੱਘੇ ਸੰਗੀਤਕਾਰ ਏਆਰ ਰਹਿਮਾਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਨ ਵਿੱਚ ਆਪਣੇ ਸੰਗੀਤ ਪ੍ਰੋਗਰਾਮ ਦਾ 30 ਮਿੰਟ ਦਾ ਵੀਡੀਓ ਰਿਕਾਰਡ ਕਰਵਾਇਆ ਹੈ। ਇਸ ਨਾਲ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਡੈਮੋਕਰੈਟਿਕ ਉਮੀਦਵਾਰ ਹੈਰਿਸ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ। ਰਹਿਮਾਨ (57) ਦੱਖਣੀ ਏਸ਼ੀਆ ਦੇ ਪਹਿਲੇ ਵੱਡੇ ਕੌਮਾਂਤਰੀ ਕਲਾਕਾਰ ਹਨ, ਜਿਨ੍ਹਾਂ ਨੇ ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕੀਤਾ ਹੈ। ‘ਏਸ਼ੀਅਨ ਅਮਰੀਕਨ ਪੈਸਿਫਿਕ ਆਇਲੈਂਡਰਜ਼ (ਏਏਪੀਆਈ) ਵਿਕਟਰੀ ਫੰਡ’ ਦੇ ਪ੍ਰਧਾਨ ਸ਼ੇਖਰ ਨਰਸਿਮਹਾ ਨੇ ਕਿਹਾ, ‘ਇਸ ਪੇਸ਼ਕਾਰੀ ਦੇ ਨਾਲ ਹੀ ਏਆਰ ਰਹਿਮਾਨ ਉਨ੍ਹਾਂ ਆਗੂਆਂ ਅਤੇ ਕਲਾਕਾਰਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ ਹਨ, ਜੋ ਅਮਰੀਕਾ ਵਿੱਚ ਪ੍ਰਗਤੀ ਤੇ ਨੁਮਾਇੰਦਗੀ ਦਾ ਸਮਰਥਨ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਇਹ ਮਹਿਜ਼ ਸੰਗੀਤ ਪ੍ਰੋਗਰਾਮ ਤੋਂ ਕਿਤੇ ਵੱਧ ਹੈ, ਇਹ ਸਾਡੇ ਭਾਈਚਾਰਿਆਂ ਲਈ ਸੱਦਾ ਹੈ ਕਿ ਉਹ ਉਸ ਭਵਿੱਖ ਦੀ ਉਸਾਰੀ ਦੀ ਕਵਾਇਦ ਵਿੱਚ ਸ਼ਾਮਲ ਹੋਣ ਅਤੇ ਵੋਟ ਪਾਉਣ, ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ।’ ਭਾਰਤੀ ਸੰਗੀਤਕਾਰ ਤੇ ਗਾਇਕ ਰਹਿਮਾਨ ਨੇ ਹੈਰਿਸ ਦੀ ਮੁਹਿੰਮ ਦੇ ਸਮਰਥਨ ਵਿੱਚ 30 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਹੈ। -ਪੀਟੀਆਈ
ਕਮਲਾ ਹੈਰਿਸ ਦੀ ਸਿਹਤ ਬਹੁਤ ਵਧੀਆ ਹੋਣ ਦਾ ਦਾਅਵਾ
ਵਾਸ਼ਿੰਗਟਨ: ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਡਾਕਟਰ ਨੇ ਉਸ ਦੀ ਸਿਹਤ ਬਹੁਤ ਵਧੀਆ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਕਮਲਾ ਹੈਰਿਸ ਸਰੀਰਕ ਅਤੇ ਮਾਨਸਿਕ ਪੱਖੋਂ ਰਾਸ਼ਟਰਪਤੀ ਅਹੁਦੇ ’ਤੇ ਸੇਵਾਵਾਂ ਨਿਭਾਉਣ ਦੇ ਯੋਗ ਹੈ। ਅਮਰੀਕੀ ਫੌਜ ’ਚ ਕਰਨਲ ਅਤੇ ਉਪ ਰਾਸ਼ਟਰਪਤੀ ਦੀ ਡਾਕਟਰ ਜੋਸ਼ੂਆ ਸਿਮਨਸ ਨੇ ਕਮਲਾ ਦੀ ਸਿਹਤ ਸਬੰਧੀ ਇਕ ਪੱਤਰ ਜਾਰੀ ਕੀਤਾ ਹੈ। ਹੈਰਿਸ ਦੇ ਸਲਾਹਕਾਰ ਸਿਹਤ ਜਾਂਚ ਦੀ ਤੁਲਨਾ ਰਿਪਬਲਿਕਨ ਆਗੂ ਡੋਨਲਡ ਟਰੰਪ ਨਾਲ ਕਰਨ ਦੀ ਤਾਕ ’ਚ ਹਨ। ਟਰੰਪ ਕਈ ਸਾਲਾਂ ਤੋਂ ਆਪਣੀ ਸਿਹਤ ਬਾਰੇ ਸਿਰਫ਼ ਸੀਮਤ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਨ। -ਏਪੀ