ਏਆਰ ਰਹਿਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਚੇਨੱਈ: ਸੰਗੀਤਕਾਰ ਏਆਰ ਰਹਿਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਸ ਨੂੰ ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਕਾਰਨ ਅੱਜ ਸਵੇਰੇ ਇੱਥੋਂ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਰਹਿਮਾਨ ਦੇ ਮੈਨੇਜਰ ਸੈਂਥਿਲ ਵੇਲਨ ਨੇ ਕਿਹਾ ਕਿ 58 ਸਾਲਾ ਰਹਿਮਾਨ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਉਹ ਘਰ ਪਰਤ ਆਇਆ ਹੈ। ਇਸ ਤੋਂ ਪਹਿਲਾਂ ਉਸ ਦੀ ਭੈਣ ਏਆਰ ਰੇਹਾਨਾ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਰਹਿਮਾਨ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰੇਹਾਨਾ ਨੇ ਕਿਹਾ, ‘ਕੁੱਝ ਨਹੀਂ ਹੋਇਆ। ਉਸ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਸੀ ਅਤੇ ਪੇਟ ਸਬੰਧੀ ਸਮੱਸਿਆ ਸੀ।’ ਰਹਿਮਾਨ ਦੇ ਮੈਨੇਜਰ ਨੇ ਕਿਹਾ ਕਿ ਸ਼ੁਰੂ ਵਿੱਚ ਉਸ ਨੇ ਗਰਦਨ ਵਿੱਚ ਦਰਦ ਦੀ ਸ਼ਿਕਾਇਤ ਵੀ ਕੀਤੀ ਸੀ। ਮੈਨੇਜਰ ਨੇ ਕਿਹਾ, ‘ਉਹ (ਰਹਿਮਾਨ) ਘਰ ਪਰਤ ਆਇਆ ਹੈ। ਉਹ ਪੂਰੀ ਤਰ੍ਹਾਂ ਠੀਕ ਹੈ। ਡਾਕਟਰਾਂ ਨੇ ਕੁਝ ਟੈਸਟ ਕੀਤੇ ਅਤੇ ਸਭ ਕੁਝ ਠੀਕ ਹੈ।’ ਇਸ ਦੌਰਾਨ ਰਹਿਮਾਨ ਦੀ ਪਤਨੀ ਸਾਇਰਾ ਰਹਿਮਾਨ, ਜਿਸ ਨੇ ਨਵੰਬਰ ਵਿੱਚ ਰਹਿਮਾਨ ਨਾਲੋਂ ਵੱਖ ਹੋਣ ਦਾ ਐਲਾਨ ਕੀਤਾ ਸੀ, ਨੇ ਵੀ ਉਸ ਲਈ ਸ਼ੁੱਭਕਾਮਾਨਾਵਾਂ ਭੇਜੀਆਂ। ਇਸ ਤੋਂ ਪਹਿਲਾਂ ਰਹਿਮਾਨ ਦੇ ਪੁੱਤਰ ਏਆਰ ਅਮੀਨ ਨੇ ਇੰਸਟਾਗ੍ਰਾਮ ’ਤੇ ਅਪੋਲੋ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਵੀ ਰਹਿਮਾਨ ਦੀ ਸਿਹਤ ਬਾਰੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। -ਪੀਟੀਆਈ