ਚੰਡੀਗੜ੍ਹ ਤੇ ਮੁਹਾਲੀ ਵਿੱਚ ਏਕਿਊਆਈ 350 ਦੇ ਕਰੀਬ ਪੁੱਜਿਆ
ਆਤਿਸ਼ ਗੁਪਤਾ
ਚੰਡੀਗੜ੍ਹ, 9 ਨਵੰਬਰ
ਚੰਡੀਗੜ੍ਹ ਟ੍ਰਾਈਸਿਟੀ ਦੀ ਹਵਾ ਵਿੱਚ ਦੀਵਾਲੀ ਤੋਂ ਇਕ ਹਫ਼ਤਾ ਬਾਅਦ ਵੀ ਸਾਫ਼ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਜਦੋਂਕਿ ਲਗਾਤਾਰ ਹੋਰ ਗੰਧਲੀ ਹੁੰਦੀ ਜਾ ਰਹੀ ਹੈ। ਗੰਧਲੀ ਹਵਾ ਵਿੱਚ ਲੋਕਾਂ ਨੂੰ ਸਾਹ ਤੱਕ ਲੈਣਾ ਮੁਸ਼ਕਲ ਹੋ ਗਿਆ ਹੈ। ਅੱਜ ਚੰਡੀਗੜ੍ਹ ਤੇ ਮੁਹਾਲੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 350 ਦੇ ਕਰੀਬ ਪਹੁੰਚ ਗਿਆ ਹੈ। ਉੱਥੇ ਹੀ ਪੰਚਕੂਲਾ ’ਚ ਏਕਿਊਆਈ 250 ਦੇ ਕਰੀਬ ਦਰਜ ਕੀਤਾ ਗਿਆ ਹੈ। ਹਵਾ ਪ੍ਰਦੂਸ਼ਣ ਵਧਣ ਕਰ ਕੇ ਅੱਜ ਸਾਰਾ ਦਿਨ ਮੌਸਮ ਧੁੰਦਲਾ ਰਿਹਾ ਅਤੇ ਧੁੱਪ ਵੀ ਮੱਧਮ ਰਹੀ ਹੈ।
ਟ੍ਰਾਈਸਿਟੀ ਵਿੱਚ ਹਵਾ ਪ੍ਰਦੂਸ਼ਣ ਵਧਣ ਕਰ ਕੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤਾਂ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਵੀ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਏਕਿਊਆਈ 319 ਤੇ ਸੈਕਟਰ-22 ਵਿੱਚ 342 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਸੈਕਟਰ-53 ਵਿੱਚ 343 ਅਤੇ ਪੰਚਕੂਲਾ ਵਿੱਚ 243 ਦਰਜ ਕੀਤਾ ਗਿਆ ਹੈ। ਟ੍ਰਾਈਸਿਟੀ ਵਿੱਚ ਰਾਤ ਹੋਣ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ 31 ਅਕਤੂਬਰ ਨੂੰ ਦੀਵਾਲੀ ਮੌਕੇ ਲੋਕਾਂ ਨੇ ਖੂਬ ਪਟਾਕੇ ਚਲਾਏ ਜਿਸ ਕਰ ਕੇ ਵੱਡੇ ਪੱਧਰ ’ਤੇ ਹਵਾ ਪ੍ਰਦੂਸ਼ਣ ਹੋਇਆ ਸੀ। ਉਸ ਤੋਂ ਬਾਅਦ ਦੀਵਾਲੀ ਤੋਂ ਅਗਲੇ ਦਿਨ 1 ਤੇ 2 ਨਵੰਬਰ ਨੂੰ ਵੀ ਚੰਡੀਗੜ੍ਹ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਚੱਲੇ ਸਨ। ਇਸੇ ਕਰ ਕੇ ਹੁਣ ਤੱਕ ਸ਼ਹਿਰ ਵਿੱਚੋਂ ਹਵਾ ਪ੍ਰਦੂਸ਼ਣ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਮੈਂਬਰਾਂ ਨੇ ਕਿਹਾ ਕਿ ਸਿਟੀ ਬਿਊਟੀਫੁਲ ਵਿੱਚ ਦੀਵਾਲੀ ਤੋਂ ਹੀ ਲਗਾਤਾਰ ਹਾਲਾਤ ਚਿੰਤਾਜਨਤ ਬਣੇ ਹੋਏ ਹਨ। ਉਨ੍ਹਾਂ ਨੇ ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਮੂੰਹ ਢਕ ਕੇ ਬਾਹਰ ਨਿਕਲਣ ਦੀ ਅਪੀਲ ਕੀਤੀ।
ਮੀਂਹ ਪੈਣ ਮਗਰੋਂ ਮਿਲੇਗੀ ਰਾਹਤ: ਟੀਸੀ ਨੌਟੀਆਲ
ਚੰਡੀਗੜ੍ਹ ਦੇ ਵਾਤਾਵਰਨ ਵਿਭਾਗ ਦੇ ਸੀਨੀਅਰ ਅਧਿਕਾਰੀ ਟੀਸੀ ਨੌਟੀਆਲ ਨੇ ਕਿਹਾ ਕਿ ਮੀਂਹ ਪੈਣ ਮਗਰੋਂ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਸੜਕ ’ਤੇ ਹਵਾ ਦੇ ਫੁਆਰਿਆਂ ਨਾਲ ਪਾਣੀ ਛਿੜਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਭਾਗ ਵੱਲੋਂ ਹਰ ਸਮੇਂ ਏਕਿਊਆਈ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜੇ ਹੋਰ ਵਧਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ।