ਚੰਡੀਗੜ੍ਹ ਤੇ ਮੁਹਾਲੀ ਦਾ ਏਕਿਊਆਈ 400 ਤੋਂ ਪਾਰ
ਆਤਿਸ਼ ਗੁਪਤਾ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਹਵਾ ਪ੍ਰਦੂਸ਼ਣ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਚੰਡੀਗੜ੍ਹ ਦੇ ਸੈਕਟਰ-22 ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 418, ਸੈਕਟਰ- 25 ਵਿੱਚ 330 ਤੇ ਮੁਹਾਲੀ ਵਿੱਚ 414 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਏਕਿਊਆਈ ਦਾ ਪੱਧਰ 307 ਦਰਜ ਕੀਤਾ ਹੈ। ਸਿਟੀ ਬਿਊਟੀਫੁਲ ਵਿੱਚ ਹਵਾ ਪ੍ਰਦੂਸ਼ਣ ਵਧਣ ਕਰ ਕੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਦੋ ਪਹੀਆ ਵਾਹਨ ਚਾਲਕਾਂ ਨੂੰ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ’ਤੇ ਨੱਥ ਪਾਉਣ ਲਈ ਆਰਜ਼ੀ ਪ੍ਰਬੰਧ ਕੀਤੇ ਗਏ ਹਨ, ਪਰ ਉਹ ਵੀ ਕਾਰਗਰ ਨਹੀਂ ਹੋ ਰਹੇ ਹਨ।
ਯੂਟੀ ਪ੍ਰਸ਼ਾਸਨ ਵੱਲੋਂ ਅੱਜ ਹਵਾ ਦੇ ਪਲੀਤ ਹੋਣ ਕਰ ਕੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਬੀੜੀ, ਸਿਗਰਟ ਨਾ ਪੀਣ, ਲੱਕਣ ਤੇ ਗੋਹਾ ਆਦਿ ਨਾ ਸਾੜਨ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਮੌਜੂਦਾ ਸਮੇਂ ਵਿੱਚ ਵਧ ਰਿਹਾ ਹਵਾ ਪ੍ਰਦੂਸ਼ਣ ਲੋਕਾਂ ਲਈ ਘਾਤਕ ਹੈ। ਇਸ ਲਈ ਲੋਕਾਂ ਨੂੂੰ ਸਵੇਰੇ-ਸ਼ਾਮ ਸੈਰ ਨਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕ ਦੁਪਹਿਰੇ 12 ਤੋਂ 4 ਵਜੇ ਤੱਕ ਸੈਰ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੜਕ ’ਤੇ ਝਾੜੂ ਮਾਰ ਕੇ ਮਿੱਟੀ ਉਡਾਉਣ ਦੀ ਥਾਂ ਪਾਣੀ ਛਿੜਕ ਕੇ ਕੂੜਾ ਸਾਫ਼ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੜਕਾਂ ਕਿਨਾਰੇ ਅਤੇ ਦਰੱਖਤਾਂ ’ਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।