ਅਪਰੈਲ-ਜੂਨ ਵਿੱਚ ਪਵੇਗੀ ਬਹੁਤ ਜ਼ਿਆਦਾ ਗਰਮੀ
ਨਵੀਂ ਦਿੱਲੀ, 1 ਅਪਰੈਲ
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿਚ ਅਪਰੈਲ ਤੋਂ ਜੂਨ ਦਰਮਿਆਨ ਬਹੁਤ ਜ਼ਿਆਦਾ ਗਰਮੀ ਪਵੇਗੀ। ਕੇਂਦਰੀ ਅਤੇ ਪੱਛਮੀ ਪ੍ਰਾਇਦੀਪ ਦੇ ਹਿੱਸਿਆਂ ’ਤੇ ਇਸ ਦਾ ਸਭ ਤੋਂ ਵੱਧ ਅਸਰ ਪਵੇਗਾ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮੋਹਾਪਾਤਰਾ ਨੇ ਕਿਹਾ ਕਿ ਅਪਰੈਲ-ਜੂਨ ਦੀ ਮਿਆਦ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਤੋਂ ਵੱਧ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਤੋਂ ਵੱਧ ਗਰਮੀ ਪਵੇਗੀ। ਉਨ੍ਹਾਂ ਕਿਹਾ ਕਿ ਗੁਜਰਾਤ, ਮੱਧ ਮਹਾਰਾਸ਼ਟਰ, ਉੱਤਰੀ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਉੱਤਰੀ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਸਮੇਂ ਦੌਰਾਨ ਗਰਮ ਹਵਾਵਾਂ ਚੱਲਣਗੀਆਂ। -ਪੀਟੀਆਈ
ਵਧਦੀ ਗਰਮੀ ਦਾ ਕਣਕ ਦੀ ਫ਼ਸਲ ’ਤੇ ਨਹੀਂ ਪਵੇਗਾ ਅਸਰ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਤਾਪਮਾਨ ਵਧਣ ਨਾਲ ਵਾਢੀ ਲਈ ਤਿਆਰ ਕਣਕ ਦੀ ਫ਼ਸਲ ’ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਮੌਸਮ ਵਿਭਾਗ (ਆਈਐਮਡੀ) ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮੋਹਾਪਾਤਰਾ ਨੇ ਕਿਹਾ ਕਿ ਭਾਰਤ ਵਿਚ ਅਪਰੈਲ ਤੋਂ ਜੂਨ ਦੀ ਮਿਆਦ ਦੌਰਾਨ ਬਹੁਤ ਜ਼ਿਆਦਾ ਗਰਮੀ ਪਵੇਗੀ। ਹਾਲਾਂਕਿ, ਮੱਧ ਪ੍ਰਦੇਸ਼ ਨੂੰ ਛੱਡ ਕੇ ਕਣਕ ਉਤਪਾਦਕ ਰਾਜਾਂ ਲਈ ਗਰਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ‘ਮੱਧ ਪ੍ਰਦੇਸ਼ ਵਿੱਚ ਇਸ ਵੇਲੇ ਤਾਪਮਾਨ 37-40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਅਤੇ ਅਗਲੇ ਹਫ਼ਤੇ 42 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕਣਕ ਦੀ 90 ਫੀਸਦੀ ਵਾਢੀ ਹੋ ਚੁੱਕੀ ਹੈ, ਇਸ ਲਈ ਗਰਮੀ ਦਾ ਫਸਲ ’ਤੇ ਕੋਈ ਅਸਰ ਨਹੀਂ ਹੋਵੇਗਾ। ਜੇਕਰ ਤਾਪਮਾਨ 35 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ ਤਾਂ ਵੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਦਾ ਕੋਈ ਅਸਰ ਨਹੀਂ ਹੋਵੇਗਾ। -ਪੀਟੀਆਈ