ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤ ਨੂੰ ਹੈਲੀਕਾਪਟਰ ਉਪਕਰਨ ਵੇਚਣ ਦੀ ਮਨਜ਼ੂਰੀ
ਵਾਸ਼ਿੰਗਟਨ, 3 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਅੱਜ ਕਾਂਗਰਸ (ਅਮਰੀਕਾ ਦੀ ਸੰਸਦ) ਨੂੰ ਨੋਟੀਫਾਈ ਕੀਤਾ ਹੈ ਕਿ ਉਸ ਨੇ ‘ਐੱਮਐੱਚ-60ਆਰ ਮਲਟੀ-ਮਿਸ਼ਨ ਹੈਲੀਕਾਪਟਰ ਇਕੁਇਪਮੈਂਟ’ ਅਤੇ ਸਬੰਧਤ ਉਪਕਰਨਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਅਨੁਮਾਨਤ ਲਾਗਤ 1.17 ਅਰਬ ਅਮਰੀਕੀ ਡਾਲਰ ਹੈ।
ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਕਾਂਗਰਸ ਨੂੰ ਇੱਕ ਨੋਟੀਫਿਕੇਸ਼ਨ ’ਚ ਦੱਸਿਆ ਕਿ ਉਪਕਰਨਾਂ ਦੀ ਵਿਕਰੀ ਦੀ ਤਜਵੀਜ਼ ਕੀਤੀ ਯੋਜਨਾ ਭਾਰਤ ਦੀਆਂ ਪਣਡੁੱਬੀ ਰੋਕੂ ਜੰਗੀ ਸਮਰੱਥਾਵਾਂ ਨੂੰ ਵਧਾ ਕੇ ਮੌਜੂਦਾ ਤੇ ਭਵਿੱਖੀ ਖਤਰਿਆਂ ਨੂੰ ਰੋਕਣ ਦੀ ਸਮਰੱਥਾ ’ਚ ਸੁਧਾਰ ਕਰੇਗੀ। ਬਾਇਡਨ ਪ੍ਰਸ਼ਾਸਨ ਨੇ ਭਾਰਤ ਨੂੰ ਅਹਿਮ ਰੱਖਿਆ ਉਪਕਰਨਾਂ ਦੀ ਵਿਕਰੀ ਦੀ ਮਨਜ਼ੂਰੀ ਆਪਣੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਦਿੱਤੀ ਹੈ। ਪੰਜ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਜਿੱਤ ਹਾਸਲ ਕਰਨ ਮਗਰੋਂ ਡੋਨਲਡ ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ 30 ‘ਮਲਟੀਫੰਕਸ਼ਨਲ ਇਨਫਰਮੇਸ਼ਨ ਡਿਬਟ੍ਰੀਬਿਊਸ਼ਨ ਸਿਸਟਮ-ਜੁਆਇੰਟ ਟੈਕਟੀਕਲ ਰੇਡੀਓ ਸਿਸਟਮਜ਼’ ਖਰੀਦਣ ਦੀ ਤਜਵੀਜ਼ ਰੱਖੀ ਹੈ। ਇਸ ਵਿਕਰੀ ’ਚ ਮੁੱਖ ਤੌਰ ’ਤੇ ਕਰਾਰ ਲੌਕਹੀਡ ਮਾਰਟਿਨ ਰੋਟਰੀ ਅਤੇ ਮਿਸ਼ਨ ਸਿਸਟਮ ਨਾਲ ਹੋਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਵਿਕਰੀ ਨੂੰ ਅਮਲ ’ਚ ਲਿਆਉਣ ਲਈ ਤਕਨੀਕੀ ਸਹਾਇਤਾ ਅਤੇ ਪ੍ਰਬੰਧਨ ਨਿਰੀਖਣ ਲਈ ਆਰਜ਼ੀ ਆਧਾਰ ’ਤੇ ਅਮਰੀਕਾ ਦੀ ਸਰਕਾਰ ਦੇ 20 ਜਾਂ ਕਰਾਰ ’ਚ ਸ਼ਾਮਲ ਕੰਪਨੀਆਂ ਦੇ 25 ਨੁਮਾਇੰਦਿਆਂ ਦੀ ਭਾਰਤ ਯਾਤਰਾ ਦੀ ਜ਼ਰੂਰਤ ਹੋਵੇਗੀ। -ਪੀਟੀਆਈ