ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਦਿੱਤੇ
ਪੱਤਰ ਪ੍ਰੇਰਕ
ਪਠਾਨਕੋਟ, 24 ਸਤੰਬਰ
ਸੁਜਾਨਪੁਰ ਬਲਾਕ ਦੇ 25 ਲੋੜਵੰਦ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਨਜ਼ੂਰੀ ਪੱਤਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਰਿਵਾਰਾਂ ਨੂੰ 30-30 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਲਾਭਪਾਤਰੀ ਪਰਿਵਾਰ ਆਪਣੇ ਮਕਾਨਾਂ ਦੀਆਂ ਨੀਹਾਂ ਭਰਨ ਦਾ ਕੰਮ ਸ਼ੁਰੂ ਕਰ ਸਕਣ। ਇਸ ਮੌਕੇ ਬੀਡੀਪੀਓ ਜਸਵੀਰ ਕੌਰ, ਬਲਾਕ ਪ੍ਰਧਾਨ ਬਲਵੀਰ ਸਿੰਘ ਤੇ ਗੁਰਨਾਮ ਸਿੰਘ, ਪੰਚਾਇਤ ਸਕੱਤਰ ਰਮੇਸ਼ ਕੁਮਾਰ, ਵਿਜੇ ਕੁਮਾਰ, ਅਸ਼ਵਨੀ ਸੈਣੀ ਤੇ ਦੇਸ ਰਾਜ ਆਦਿ ਹਾਜ਼ਰ ਸਨ।
ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਜਦੋਂ ਵੀ ਇਹ ਲਾਭਪਾਤਰੀ ਆਪਣੇ ਮਕਾਨਾਂ ਦੀਆਂ ਨੀਹਾਂ ਭਰ ਲੈਣਗੇ ਤਾਂ ਫਿਰ ਲੈਂਟਰ ਪਾਉਣ ਲਈ ਦੂਸਰੀ ਕਿਸ਼ਤ 72 ਹਜ਼ਾਰ ਰੁਪਏ ਦੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਫਿਰ ਤੀਸਰੀ ਕਿਸ਼ਤ 18 ਹਜ਼ਾਰ ਰੁਪਏ ਮਕਾਨ ਦੀ ਤਿਆਰੀ ਲਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਲਾਭਪਾਤਰੀ ਨੂੰ ਘਰ ਦੇ ਨਿਰਮਾਣ ਲਈ ਮਗਨਰੇਗਾ ਸਕੀਮ ਅਧੀਨ 27 ਹਜ਼ਾਰ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ। ਇਸ ਤਰ੍ਹਾਂ ਨਾਲ ਹਰੇਕ ਲਾਭਪਾਤਰੀ ਨੂੰ ਕੁੱਲ 1 ਲੱਖ 47 ਹਜ਼ਾਰ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਜਾਣਗੇ।