ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪ੍ਰਵਾਨਗੀ ਪੱਤਰ ਵੰਡੇ
ਪੱਤਰ ਪ੍ਰੇਰਕ
ਫਿਲੌਰ, 23 ਜੁਲਾਈ
ਸਥਾਨਕ ਕਮਿਊਨਿਟੀ ਹਾਲ ਵਿੱਚ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ‘ਆਪ’ ਦੇ ਜੁਆਇੰਟ ਸਕੱਤਰ ਪੰਜਾਬ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਿਲੌਰ ਦੇ 166 ਪਰਿਵਾਰ ਤੇ ਗੁਰਾਇਆ ਦੇ 57 ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਿੰਕੂ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਫਿਲੌਰ-ਨੂਰਮਹਿਲ ਰੇਲਵੇ ਬ੍ਰਿਜ, ਬੱਸ ਅੱਡਾ ਅਤੇ ਵਾਰਡਾਂ ਦੀ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਥੇ 318 ਮਕਾਨ ਅਤੇ ਦੁਕਾਨਾਂ ਢਾਹੁਣ ਦੀ ਜੋ ਤਲਵਾਰ ਲਟਕ ਰਹੀ ਹੈ, ਉਸ ਸਬੰਧੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਕ ਵੀ ਦੁਕਾਨ ਤੇ ਮਕਾਨ ਢਾਹੁਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਦੌਰਾਨ ਮਿਲਣ ਵਾਲੇ ਪੈਸਿਆਂ ਵਿੱਚੋਂ ਜੇਕਰ ਕੋਈ ਅਧਿਕਾਰੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਕਿਉਂਕਿ ‘ਆਪ’ ਭ੍ਰਿਸ਼ਟਾਚਾਰ ਦੇ ਸਖ਼ਤ ਖਿਲਾਫ਼ ਹੈ।