ਪੱਕਾ ਮਕਾਨ ਬਣਾਉਣ ਲਈ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ
ਪੱਤਰ ਪ੍ਰੇਰਕ
ਯਮੁਨਾਨਗਰ, 28 ਨਵੰਬਰ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਸ਼ਹਿਰੀ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਸਵੀਕ੍ਰਿਤੀ ਪੱਤਰ ਦੇਣ ਲਈ ਨਗਰ ਨਿਗਮ ਦਫ਼ਤਰ ਦੇ ਆਡੀਟੋਰੀਅਮ ਵਿੱਚ ਸਮਾਗਮ ਹੋਇਆ। ਸਮਾਗਮ ਦੌਰਾਨ ਡਿਪਟੀ ਨਿਗਮ ਕਮਿਸ਼ਨਰ ਡਾ. ਵਿਜੇ ਪਾਲ ਯਾਦਵ ਨੇ 21 ਲਾਭਾਤਰੀਆਂ ਨੂੰ ਸਵੀਕ੍ਰਿਤੀ ਪੱਤਰ ਵੰਡੇ। ਇਨ੍ਹਾਂ ਵਿੱਚੋਂ ਛੇ ਯੋਗ ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਸ਼ਹਿਰੀ ਯੋਜਨਾ ਤਹਿਤ ਉਨ੍ਹਾਂ ਦੇ ਮਕਾਨਾਂ ਵਿੱਚ ਵਾਧੇ ਲਈ ਤਿੰਨ ਕਿਸ਼ਤਾਂ ਵਿੱਚ 1.5 ਲੱਖ ਰੁਪਏ ਦਿੱਤੇ ਜਾਣਗੇ। ਜਦਕਿ ਬਾਕੀ ਰਹਿੰਦੇ 15 ਯੋਗ ਵਿਅਕਤੀਆਂ ਨੂੰ ਪੱਕੇ ਮਕਾਨ ਬਣਾਉਣ ਲਈ ਤਿੰਨ ਕਿਸ਼ਤਾਂ ਵਿੱਚ 2.50 ਲੱਖ ਰੁਪਏ ਦਿੱਤੇ ਜਾਣਗੇ। ਹੁਣ ਤੱਕ 2202 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।
ਸ੍ਰੀ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਨਿਗਮ ਸ਼ਹਿਰ ਵਾਸੀਆਂ ਨੂੰ ਹਰ ਸਰਕਾਰੀ ਸਕੀਮ ਦਾ ਲਾਭ ਦੇਣ ਲਈ ਯਤਨਸ਼ੀਲ ਹੈ। ਇਸ ਸਕੀਮ ਤਹਿਤ ਯੋਗ ਵਿਅਕਤੀਆਂ ਨੂੰ 1 ਲੱਖ ਰੁਪਏ ਦੀ ਪਹਿਲੀ ਕਿਸ਼ਤ ਮਕਾਨ ਦੀ ਨੀਂਹ ਅਤੇ ਦੀਵਾਰ ਬਣਾਉਣ ਉਪਰੰਤ ਦਿੱਤੀ ਜਾਂਦੀ ਹੈ, 1 ਲੱਖ ਰੁਪਏ ਦੀ ਦੂਜੀ ਕਿਸ਼ਤ ਰਾਹੀਂ ਨਿਰਮਾਣ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਤੀਜੀ ਕਿਸ਼ਤ 50,000 ਰੁਪਏ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਨਗਰ ਨਿਗਮ ਖੇਤਰ ਦੇ 4375 ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 2202 ਨੂੰ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤੇ ਹਨ। ਐੱਮਆਈਐੱਸ ਕਮਲਦੀਪ ਸਿੰਘ ਅਤੇ ਕਮਲਵੀਰ ਨੇ ਦੱਸਿਆ ਕਿ ਲੋੜਵੰਦ ਬਿਨੈਕਾਰਾਂ ਨੂੰ ਸਕੀਮ ਤਹਿਤ 1.50 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਵਿੱਚ ਪਹਿਲੀ ਕਿਸ਼ਤ 60 ਹਜ਼ਾਰ ਰੁਪਏ, ਦੂਜੀ ਕਿਸ਼ਤ 60 ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ 30 ਹਜ਼ਾਰ ਰੁਪਏ ਹੈ।