ਫ਼ਿਰਕੂ ਤਣਾਅ ਪੈਦਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਸੁਪਰੀਮ ਕੋਰਟ ਤੱਕ ਪਹੁੰਚ
ਨਵੀਂ ਦਿੱਲੀ, 8 ਅਗਸਤ
ਗੁਰੂਗ੍ਰਾਮ ਵਿੱਚ ਮੁਸਲਮਾਨਾਂ ਦੇ ਬਾਈਕਾਟ ਅਤੇ ਮਸਜਿਦਾਂ ਬੰਦ ਕਰਵਾਉਣ ਸਬੰਧੀ ਦਿੱਤੇ ਸੱਦਿਆਂ ਦਰਮਿਆਨ ਸੁਪਰੀਮ ਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਜਿਸ ਰਾਹੀਂ ਫ਼ਿਰਕੂ ਤਣਾਅ ਦਾ ਮਾਹੌਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਉਚਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਬੈਂਚ ਅੱਗੇ ਇਸ ਪਟੀਸ਼ਨ ਵੱਲ ਧਿਆਨ ਦਿਵਾਇਆ। ਇਹ ਪਟੀਸ਼ਨ ਪੱਤਰਕਾਰ ਸ਼ਾਹੀਨ ਅਬਦੁੱਲਾ ਵੱਲੋਂ ਦਾਖ਼ਲ ਕੀਤੀ ਗਈ ਸੀ। ਸ੍ਰੀ ਸਿੱਬਲ ਨੇ ਗੁਰੂਗ੍ਰਾਮ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੌਰਾਨ ਇਹ ਕਿਹਾ ਗਿਆ ਕਿ ਘੱਟ ਗਿਣਤੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ ਵਿੱਚ ਕੰਮ ’ਤੇ ਰੱਖਣ ਵਾਲਿਆਂ ਨੂੰ ‘ਗੱਦਾਰ’ ਗਰਦਾਨਿਆ ਜਾਵੇਗਾ। ਅਪੀਲ ਮੁਤਾਬਕ ਨੂਹ ਹਿੰਸਾ ਮਗਰੋਂ ਪਹਿਲੀ ਤੋਂ 7 ਅਗਸਤ ਤੱਕ ਪੰਜਾਬ, ਹਰਿਆਣਾ ਤੇ ਯੂਪੀ ਵਿੱਚ 27 ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ’ਚ ਮੁਸਲਮਾਨਾਂ ਦੇ ਕਤਲ ਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਬਾਈਕਾਟ ਦਾ ਸ਼ਰ੍ਹੇਆਮ ਸੱਦਾ ਦਿੱਤਾ ਗਿਆ। ਪਟੀਸ਼ਨ ’ਚ ਰੈਲੀਆਂ ਸਬੰਧੀ ਕਈ ਰਿਪੋਰਟਾਂ ਤੇ ਵੀਡੀਓ ਹਵਾਲੇ ਦਿੱਤੇ ਗਏ ਹਨ। ਪਟੀਸ਼ਨ ’ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਸਥਾਨਕ ਵਸਨੀਕਾਂ ਤੇ ਸਟੋਰ ਮਾਲਕਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਉਹ ਕਿਸੇ ਮੁਸਲਿਮ ਨੂੰ ਕੰਮ ’ਤੇ ਰੱਖਦੇ ਜਾਂ ਨਵਾਂ ਕੰਮ ਦਿੰਦੇ ਹਨ ਤਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਕਿ ਇਨ੍ਹਾਂ ਇਲਾਕਿਆਂ ’ਚ ਸਥਿਤੀ ਨਾਲ ਨਜਿੱਠਣ ਲਈ ਕਾਨੂੰਨੀ ਪਹੁੰਚ ਦੀ ਲੋੜ ਹੈ, ਜਿਸ ਲਈ ਸਰਵਉੱਚ ਅਦਾਲਤ ਵੱਲੋਂ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ। ਪਟੀਸ਼ਨ ਰਾਹੀਂ ਦਿੱਲੀ ਦੇ ਪੁਲੀਸ ਕਮਿਸ਼ਨਰ, ਉੱਤਰਾਖੰਡ, ਯੂਪੀ ਤੇ ਹਰਿਆਣਾ ਦੇ ਡੀਜੀਪੀਜ਼ ਤੇ ਹੋਰ ਅਧਿਕਾਰੀਆਂ ਨੂੰ ਢੁਕਵੀਂ ਕਾਰਵਾਈ ਕਰਨ ਦੀ ਇਜਾਜ਼ਤ ਦੇਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ। -ਏਐੱਨਆਈ
ਮੁਕੇਸ਼ ਕੁਮਾਰ ਬਣੇ ਨੂਹ ਦੇ ਨਵੇਂ ਡੀਐੱਸਪੀ
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਨੂਹ ਦੇ ਡੀਐੱਸਪੀ ਜੈ ਪ੍ਰਕਾਸ਼ ਦਾ ਤਬਾਦਲਾ ਕਰ ਦਿੱਤਾ ਹੈ ਜੋ ਹੁਣ ਪੰਚਕੂਲਾ ਵਿੱਚ ਡੀਐੱਸਪੀ (ਹੈੱਡ ਕੁਆਰਟਰ) ਵਜੋਂ ਅਹੁਦਾ ਸੰਭਾਲਣਗੇ। ਉਨ੍ਹਾਂ ਦੀ ਥਾਂ ਹੁਣ ਭਿਵਾਨੀ ਜ਼ਿਲ੍ਹੇ ਦੇ ਡੀਐੱਸਪੀ (ਸਿਵਾਨੀ) ਮੁਕੇਸ਼ ਕੁਮਾਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਐੱਸਪੀ ਵਰੁਣ ਸਿੰਗਲਾ ਤੇ ਡੀਐੱਸਪੀ ਪ੍ਰਸ਼ਾਂਤ ਪਵਾਰ ਦਾ ਨੂਹ ਤੋਂ ਤਬਾਦਲਾ ਕੀਤਾ ਜਾ ਚੁੱਕਾ ਹੈ। -ਪੀਟੀਆਈ
ਮਜ਼ਾਰ ਨੂੰ ਅੱਗ ਲਾਉਣ ਵਾਲੇ ਪੰਜ ਮੁਲਜ਼ਮਾਂ ’ਚੋਂ ਤਿੰਨ ਗ੍ਰਿਫ਼ਤਾਰ
ਗੁਰੂਗ੍ਰਾਮ: ਇੱਥੋਂ ਦੇ ਖੰਡਾਸਾ ਪਿੰਡ ਵਿੱਚ ਇੱਕ ਮਜ਼ਾਰ ਨੂੰ ਅੱਗ ਲਾਉਣ ਵਾਲੇ ਪੰਜ ਮੁਲਜ਼ਮਾਂ ’ਚੋਂ ਤਿੰਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਰਕੂ ਹਿੰਸਾ ਸਬੰਧੀ ਪਾਈਆਂ ਪੋਸਟਾਂ ਦੇ ਪ੍ਰਭਾਵ ਥੱਲੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਦੀ ਪਛਾਣ ਗੁਲਸ਼ਨ, ਵਿਜੈ ਤੇ ਲਲਿਤ ਵਜੋਂ ਹੋਈ ਹੈ ਜੋ ਇਸੇ ਪਿੰਡ ਦੇ ਵਸਨੀਕ ਹਨ। ਪੁਲੀਸ ਅਧਿਕਾਰੀ ਮੁਤਾਬਕ ਗੁਲਸ਼ਨ ਇੱਕ ਦੁਕਾਨਦਾਰ, ਵਿਜੈ ਆਟੋ ਚਾਲਕ ਤੇ ਲਲਿਤ ਇੱਕ ਫਾਰਮੇਸੀ ਲਈ ਡਿਲਵਰੀ ਬੁਆਏ ਵਜੋਂ ਕੰਮ ਕਰਦਾ ਹੈ। ਏਸੀਪੀ (ਅਪਰਾਧ) ਵਰੁਣ ਦਹੀਆ ਨੇ ਦੱਸਿਆ,‘ਸਾਰੇ ਮੁਲਜ਼ਮ ਨਸ਼ੇ ਦੀ ਹਾਲਤ ’ਚ ਸਨ। ਉਨ੍ਹਾਂ ਇਸ ਘਟਨਾ ਦੀ ਯੋਜਨਾ ਬਣਾਈ ਤੇੇ ਮਜ਼ਾਰ ਵਿੱਚ ਐਤਵਾਰ ਰਾਤ ਸਮੇਂ ਅੱਗ ਲਾ ਦਿੱਤੀ ਤੇ ਮਗਰੋਂ ਘਟਨਾ ਸਥਾਨ ਤੋਂ ਭੱਜ ਗਏ। ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਾਂ।’ -ਪੀਟੀਆਈ
ਹਰਿਆਣਾ ਭਾਜਪਾ ਦੇ ਵਫ਼ਦ ਵੱਲੋਂ ਨੂਹ ਦੌਰਾ ਅੱਜ
ਚੰਡੀਗੜ੍ਹ: ਹਰਿਆਣਾ ਦੇ ਭਾਜਪਾ ਆਗੂਆਂ ਦਾ ਵਫ਼ਦ ਭਲਕੇ 9 ਅਗਸਤ ਨੂੰ ਨੂਹ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਵੇਗਾ। ਪਾਰਟੀ ਵੱਲੋਂ ਦਿੱਤੀ ਸੂਚਨਾ ਮੁਤਾਬਕ ਇਸ ਵਫ਼ਦ ਦੀ ਅਗਵਾਈ ਹਰਿਆਣਾ ਭਾਜਪਾ ਦੇ ਮੁਖੀ ਓ ਪੀ ਧਨਖੜ ਇਸ ਵਫ਼ਦ ਦੀ ਅਗਵਾਈ ਕਰਨਗੇ ਜਦਕਿ ਇਸ ਵਫ਼ਦ ਵਿੱਚ ਮੰਤਰੀ ਬਨਵਾਰੀ ਲਾਲ ਤੇ ਕੁਝ ਹੋਰ ਵਿਧਾਇਕ ਵੀ ਸ਼ਾਮਲ ਹੋਣਗੇ। ਇਹ ਵਫ਼ਦ ਨੂਹ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰੇਗਾ ਤੇ ਉੱਥੇ ਲੋਕਾਂ ਨਾਲ ਗੱਲਬਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਵੇਗਾ। ਵੱਖਰੀ ਜਾਣਕਾਰੀ ਮੁਤਾਬਕ ਹਰਿਆਣਾ ਦੀ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਵੀ ਨੂਹ ਦਾ ਦੌਰਾ ਕਰਨ ਲਈ ਹਰਿਆਣਾ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਹੈ।
ਹਰਿਆਣਾ ਕਾਂਗਰਸ ਦੇ ਵਫ਼ਦ ਨੂੰ ਨੂਹ ਜਾਣੋਂ ਰੋਕਿਆ
ਗੁਰੂਗ੍ਰਾਮ/ਚੰਡੀਗੜ੍ਹ: ਹਿੰਸਾ ਦੀ ਮਾਰ ਝੱਲਣ ਵਾਲੇ ਨੂਹ ਜ਼ਿਲ੍ਹੇ ਦਾ ਦੌਰਾ ਕਰਨ ਲਈ ਪੁੱਜੇ ਹਰਿਆਣਾ ਕਾਂਗਰਸ ਦੇ 10 ਮੈਂਬਰੀ ਵਫ਼ਦ ਨੂੰ ਪੁਲੀਸ ਨੇ ਪਿੰਡ ਰੋਜਕਾ ਮੇਓ ’ਚ ਪੁੱਜਦਿਆਂ ਹੀ ਅੱਗੇ ਜਾਣ ਤੋਂ ਰੋਕ ਦਿੱਤਾ। ਪੁਲੀਸ ਮੁਤਾਬਕ ਹਰਿਆਣਾ ਕਾਂਗਰਸ ਦੇ ਮੁਖੀ ਉਦੈ ਭਾਨ ਦੀ ਅਗਵਾਈ ਹੇਠ ਪੁੱਜੇ ਵਫ਼ਦ ਨੂੰ ਕਰਫਿਊ ਅਤੇ ਸੁਰੱਖਿਆ ਕਾਰਨਾਂ ਕਰਕੇ ਰੋਕਿਆ ਗਿਆ। ਫ਼ਿਰਕੂ ਦੰਗਿਆਂ ਦੇ ਸਬੰਧ ਵਿੱਚ ਹੁਣ ਤੱਕ ਕੁੱਲ 312 ਜਣਿਆਂ ਨੂੰ ਗ੍ਰਿਫ਼ਤਾਰ, ਜਦਕਿ 106 ਜਣਿਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਨੂਹ, ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਰਿਵਾੜੀ, ਪਾਨੀਪਤ ਤੇ ਭਿਵਾਨੀ ਵਿੱਚ 142 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਉਹ ਹਿੰਸਾ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਜਾਣਨਾ ਚਾਹੁੰਦੇ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਿਦੱਤਾ। ਉਨ੍ਹਾਂ ਕਿਹਾ ਕਿ ਜੇ ਇਹ ਪੁਲੀਸ ਉਸ ਦਿਨ ਲਾਈ ਗਈ ਹੁੰਦੀ ਤਾਂ ਦੰਗੇ ਨਾ ਭੜਕਦੇ। ਸਰਕਾਰ ਇਸ ਸਾਰੀ ਘਟਨਾ ਲਈ ਜ਼ਿੰਮੇਵਾਰ ਹੈ।
ਗੁਰੂਗ੍ਰਾਮ ਵਿੱਚ ਮੀਟ ਦੀ ਦੁਕਾਨ ’ਤੇ ਹਮਲਾ, ਕੇਸ ਦਰਜ
ਗੁਰੂਗ੍ਰਾਮ: ਇੱਥੇ ਸੀਆਰਪੀਐੱਫ ਚੌਕ ਨੇੜੇ ਸਥਿਤ ਮੀਟ ਦੀ ਇੱਕ ਦੁਕਾਨ ’ਤੇ ਹਮਲਾਵਰਾਂ ਦੇ ਇੱਕ ਗੁੱਟ ਨੇ ਪੱਥਰ ਸੁੱਟੇ ਜਿਸ ’ਚ ਦੁਕਾਨ ਮਾਲਕ ਮੁਹੰਮਦ ਜਾਵੇਦ ਜ਼ਖ਼ਮੀ ਹੋ ਗਿਆ। ਹਾਲਾਂਕਿ ਪੁਲੀਸ ਨੇ ਇਸ ਹਮਲੇ ਦਾ ਸਬੰਧ ਹਰਿਆਣਾ ਵਿੱਚ ਵਾਪਰੀ ਫ਼ਿਰਕੂ ਹਿੰਸਾ ਨਾਲ ਹੋਣ ਤੋਂ ਇਨਕਾਰ ਕੀਤਾ ਹੈ। ਦੁਕਾਨ ਮਾਲਕ ਨੇ ਦੱਿਸਆ ਕਿ ਉਹ ਆਪਣੀ ਦੁਕਾਨ ਵਿੱਚ ਕੰਮ ਕਰ ਰਿਹਾ ਸੀ ਕਿ ਉਸ ਨੇ ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣੀ। ਉਸ ਦੇ ਭਤੀਜੇ ਨੇ ਬਾਹਰ ਜਾ ਕੇ ਦੇਖਿਆ ਤਾਂ ਕੁੱਝ ਹਥਿਆਰਬੰਦ ਨਕਾਬਪੋਸ਼ ਹਮਲਾ ਕਰ ਰਹੇ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਪੀਟੀਆਈ