ਅਪ੍ਰੈਂਟਿਸਸ਼ਿਪ ਪਾਸ ਵਰਕਰਾਂ ਨੇ ਪਾਵਰਕੌਮ ਨੂੰ ਦਿਖਾਈ ‘ਪਾਵਰ’
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਨਵੰਬਰ
ਅਪ੍ਰੈਂਟਿਸਸ਼ਿਪ ਪਾਸ ਵਰਕਰ ਯੂਨੀਅਨ (1500) ਪੰਜਾਬ ਦੇ ਵਰਕਰਾਂ ਨੇ ਮੰਗਾਂ ਦੀ ਪੂਰਤੀ ਲਈ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਅੱਜ ਸਵੇਰੇ ਹੀ ਆਏ ਤਿੰਨ ਸੌ ਦੇ ਕਰੀਬ ਯੂਨੀਅਨ ਵਰਕਰਾਂ ਨੇ ਮੁੱਖ ਦਫਤਰ ਦੇ ਸਾਹਮਣੇ ਮਾਲ ਰੋਡ ’ਤੇ ਆ ਕੇ ਡੇਰੇ ਲਾ ਲਏ। ਉਹ ਤੁਰੰਤ ਸਹਾਇਕ ਲਾਈਨਮੈਨਾਂ ਦੀ ਨਵੀਂ ਭਰਤੀ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ।
ਅੱਜ ਸ਼ਾਮੀ ਸਾਢੇ ਚਾਰ ਵਜੇ ਇਨ੍ਹਾਂ ਧਰਨਾਕਾਰੀਆਂ ਨੇ ਧਰਨੇ ਵਾਲੀ ਥਾਂ ’ਤੇ ਤੰਬੂ ਗੱਡਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ। ਅੱੱਜ ਇਥੇ ਧਰਨਾ ਸ਼ੁਰੂ ਕਰਨ ਵਾਲੀ ਯੂਨੀਅਨ ਹੋਰ ਹੈ। ਇਸ ਦੇ ਮੈਂਬਰਾਂ ਵੱਲੋਂ ਹਾਲ ਹੀ ਵਿੱਚ ਅਪ੍ਰੈਂਟਿਸਸ਼ਿਪ ਪਾਸ ਕੀਤੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਉਨ੍ਹਾਂ ਦੀ 1900 ਦੇ ਕਰੀਬ ਗਿਣਤੀ ਹੈ ਤੇ ਸਰਕਾਰ ਉਨ੍ਹਾਂ ਲਈ ਤੁਰੰਤ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕ੍ਰਿਆ ਸ਼ੁਰੂ ਕਰੇ। ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਨਹੀਂ ਹੁੰਦਾ, ਉਨਾ ਚਿਰ ਉਹ ਇੱਥੇ ਹੀ ਧਰਨੇ ’ਤੇ ਡਟੇ ਰਹਿਣਗੇ।