ਭਾਜਪਾ ਵੱਲੋਂ ਕੇਂਦਰੀ ਬਜਟ ਦੀ ਤਾਰੀਫਾਂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜੁਲਾਈ
ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਬਜਟ ਦੀਆਂ ਸੌਹਲੇ ਗਾ ਕੇ ਉਸ ਦੇ ਮਹੱਤਵਪੂਰਨ ਪੱਖਾਂ ਬਾਰੇ ਰੋਸ਼ਨੀ ਪਾਈ। ਅੱਜ ਇੱਥੇ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਸਰਬਪੱਖੀ ਅਤੇ ਵਿਕਾਸ ਪੱਖੀ ਹੈ ਅਤੇ 140 ਕਰੋੜ ਦੇਸ਼ ਵਾਸੀਆਂ ਦੀ ਆਸਾਂ, ਖਾਹਿਸ਼ਾਂ ਅਤੇ ਅੰਮ੍ਰਿਤਕਾਲ ਦੇ ਸਾਰੇ ਸੰਕਲਪਾਂ ਨੂੰ ਸਿੱਧ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਲਈ ਭਾਜਪਾ ਦੀ ਵਿਚਾਰਧਾਰਾ ਨੂੰ ਧਿਆਨ ’ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਾਲੇ ਇਸ ਬਜਟ ਵਿੱਚ ਸਰਕਾਰ ਵੱਲੋਂ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਨਾਲ ਹਰ ਵਰਗ ਦੀਆਂ ਆਸ਼ਾਵਾਂ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਦੇਸ਼ ਦੇ ਵਿਕਾਸ ਨੂੰ ਵਾਧਾ ਮਿਲੇਗਾ ਅਤੇ ਸਾਡਾ ਦੇਸ਼ ਸਾਲ 2047 ਤੱਕ ਵਿਕਸਿਤ ਅਰਥ ਵਿਵਸਥਾ ਦਾ ਦਰਜਾ ਹਾਸਿਲ ਕਰਨ ਦੇ ਯੋਗ ਬਣ ਸਕੇਗਾ। ਉਨ੍ਹਾਂ ਇਸ ਬਜਟ ਨੂੰ ‘ਵਿਕਸਿਤ ਭਾਰਤ ਦਾ ਸੰਕਲਪ’ ਦੱਸਦਿਆਂ ਕਿਹਾ ਕਿ ਇਹ ਬਜਟ ਦੇਸ਼ ਨੂੰ ਤੀਸਰੀ ਅਰਥਵਿਵਸਥਾ ਬਣਾਉਣ ਲਈ ਵੀ ਕਾਰਗਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ ਅਤੇ ਭਵਿੱਖ ਵਿੱਚ ਇਸ ਗਿਣਤੀ ਵਿੱਚ ਹੋਰ ਭਾਰੀ ਵਾਧਾ ਹੋਵੇਗਾ। ਉਨ੍ਹਾਂ ਬਜਟ ਦੇ ਸਾਰੇ ਪੱਖਾਂ ਉਪਰ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਨਰਿੰਦਰ ਸਿੰਘ ਮੱਲੀ, ਡਾ. ਨਿਰਮਲ ਨਈਅਰ, ਡਾ. ਸਤੀਸ਼ ਕੁਮਾਰ ਅਤੇ ਪ੍ਰਵੀਨ ਸ਼ਰਮਾ ਵੀ ਹਾਜ਼ਰ ਸਨ।