ਬਜਟ ਵਿੱਚ ਹਰਿਆਣਾ ਰੇਲ ਵਿਕਾਸ ਲਈ 3416 ਕਰੋੜ ਰੁਪਏ ਅਲਾਟ ਕਰਨ ਦੀ ਸ਼ਲਾਘਾ
ਪੱਤਰ ਪ੍ਰੇਰਕ
ਟੋਹਾਣਾ, 4 ਫਰਵਰੀ
ਹਰਿਆਣਾ ਸੂਬੇ ਵਿੱਚ ਰੇਲ ਵਿਕਾਸ ਲਈ ਕੇਂਦਰੀ ਬਜਟ ਵਿੱਚ 3416 ਕਰੋੜ ਰੁਪਏ ਅਲਾਟ ਕਰਨ ’ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਸਾਬਕਾ ਪੰਚਾਇਤ ਮੰਤਰੀ ਦੇਵਿੰਦਰ ਸਿੰਘ ਬਬਲੀ ਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ ਨੇ ਸਵਾਗਤ ਕੀਤਾ ਹੈ। ਸਾਬਕਾ ਐੱਮਪੀ ਸੁਨੀਤਾ ਦੁੱਗਲ ਨੇ ਕਿਹਾ ਕਿ ਇਹ ਪਾਰਟੀ ਦੀ ਸੂਬਾ ਇਕਾਈ ਵੱਲੋ ਕੇਂਦਰ ਸਕਾਰ ’ਤੇ ਦਬਾਅ ਬਣਾਉਣ ਦੇ ਨਤੀਜੇ ਹਨ। ਇਸ ਕਾਰਨ ਹਰਿਆਣਾ ਦੇ ਪਰਿਵਾਰਾਂ ਨੂੰ ਜਲਦ ਹੀ ਵਧੀਆ ਰੇਲ ਸੇਵਾਵਾਂ ਮਿਲਣਗੀਆਂ। ਦੁੱਗਲ ਨੇ ਕਿਹਾ ਕਿ 34 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨਾਂ ਦਾ ਦਰਜਾ ਦਿੱਤਾ ਗਿਆ ਹੈ ਤੇ 50 ਨਮੋ ਰੇਲ ਗੱਡੀਆਂ ਸੂਬੇ ਦੇ ਰੇਲ ਰੂਟਾਂ ’ਤੇ ਚੱਲਣਗੀਆਂ। ਪੰਜ ਵੰਦੇ ਭਾਰਤ ਗੱਡੀਆਂ ਸੂਬੇ ਵਿੱਚ ਚਲਾਈਆਂ ਜਾਣਗੀਆ ਜਿਨ੍ਹਾਂ ਵਿੱਚੋਂ ਤਿੰਨ ਜ਼ਿਲ੍ਹੇ ਵਿੱਚ ਠਹਿਰਾ ਕਰਨਗੀਆਂ। 34 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਵਿੱਚ ਭਿਵਾਨੀ ਜੰਕਸ਼ਨ, ਜੀਂਦ, ਕੂਰਕਸ਼ੇਤਰ, ਨਰਵਾਣਾ ਤੇ ਪਾਨੀਪਤ ਨੂੰ ਸ਼ਾਮਲ ਕੀਤਾ ਗਿਆ ਹੈ। ਅੰਮ੍ਰਿਤ ਸਟੇਸ਼ਨਾਂ ਵਿੱਚ ਅੰਬਾਲਾ ਕੈਂਟ, ਅੰਬਾਲਾ ਸਿਟੀ, ਬਹਾਦਰਗੜ੍ਹ, ਬਲੱਭਗੜ੍ਹ, ਭੱਠੂੁਕਲਾਂ, ਚਰਖੀਦਾਦਰੀ, ਫਰੀਦਾਬਾਦ, ਫਰੀਦਾਬਾਦ ਨਿਊ ਟਾਊਨ, ਗੋਹਾਣਾ, ਗੁਰੂਗਰਾਮ, ਹਾਂਸੀ, ਹਿਸਾਰ, ਹੋਡਲ, ਕਾਲਾਂਵਾਲੀ, ਕਾਲਕਾ, ਕਰਨਾਲ, ਕੌਸ਼ਲੀ, ਲੋਹਾਰੂ, ਮਹਿੰਦਰਗੜ੍ਹ, ਮੰਡੀ ਆਦਮਪੁਰ, ਮੰਡੀ ਡਬਵਾਲੀ, ਨਾਰਨੌਂਦ, ਪਲਵਲ, ਪਟੌਦੀ ਰੋਡ, ਰੇਵਾੜੀ, ਰੋਹਤਕ, ਸਿਰਸਾ, ਸੋਨੀਪਤ, ਯਮੂਨਾਨਗਰ ਤੇ ਜਗਾਧਰੀ ਸਟੇਸ਼ਨਾਂ ਨੂੰ ਅੱਪਗਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਤਿੰਨ ਰੇਲ ਮਾਰਗਾਂ ਤੇ ਨਵੀਆਂ ਲਾਈਨਾਂ ਪਾਉਣ ਲਈ ਰੇਲ ਮੰਤਰੀ ਨੇ ਵਾਅਦਾ ਕੀਤਾ ਹੈ। ਸਭ ਤੋਂ ਅਹਿਮ ਹਿਸਾਰ-ਅਗਰੋਹਾ-ਸਿਰਸਾ- ਫਤਿਹਾਬਾਦ ਨੂੰ ਰੇਲ ਨਾਲ ਜੋੜਨ, ਜਾਖਲ ਤੋ ਹਿਸਾਰ ਦੋਹਰੀ ਰੇਲ ਲਾਈਨ ਪਾਉਣ, ਸੋਨੀਪਤ ਤੋਂ ਪਲਵਲ ਰੇਲ ਲਾਈਨ ’ਤੇ ਕੰਮ ਕੀਤਾ ਜਾਣਾ ਹੈ।