ਅਕਾਲੀ ਦਲ ’ਚ ਆਬਜ਼ਰਵਰਾਂ ਦੀ ਨਿਯੁਕਤੀ ਕਾਰਨ ਅੰਦਰੂਨੀ ਵਿਰੋਧ ਵਧਿਆ
ਮਹਿਦਰ ਸਿੰਘ ਰੱਤੀਆਂ
ਮੋਗਾ, 13 ਜਨਵਰੀ
ਸੂਬੇ ਵਿਚ ਆਪਣੀ ਗੁਆਚੀ ਸਿਆਸੀ ਜ਼ਮੀਨ ਤਲਾਸ਼ ਰਹੇ ਸ਼ੋਮਣੀ ਅਕਾਲੀ ਦਲ ਦੇ ਹੁਣ ਮੁੜ ਪੈਰ ਜਮਾਉਣੇ ਸੌਖੇ ਨਹੀਂ ਜਾਪਦੇ। ਸੱਤਾਹੀਣ ਹੋਣ ਮਗਰੋਂ ਪਾਰਟੀ ’ਚ ਛਿੜਿਆ ਗ੍ਰਹਿ ਯੁੱਧ ਠੰਢਾ ਨਹੀਂ ਹੋ ਰਿਹਾ ਅਤੇ ਪਾਰਟੀ ਨੂੰ ਅੰਦਰੂਨੀ ਤੇ ਬਾਹਰੀ ਤਾਕਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਵੱਲੋਂ ਨਵੀਂ ਭਰਤੀ ਲਈ ਆਬਜ਼ਰਵਰਾਂ ਦੀ ਨਿਯੁਕਤੀ ਤੋਂ ਪਾਰਟੀ ਅੰਦਰ ਅੰਦਰੂਨੀ ਵਿਰੋਧ ਸ਼ੁਰੂ ਹੋ ਗਿਆ ਹੈ। ਇਥੇ ਪਾਾਰਟੀ ਆਗੂ ਨੇ ਕਿਹਾ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਦੂਜੇ ਰਾਜਾਂ ਜਾਂ ਜ਼ਿਲ੍ਹਿਆਂ ’ਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਪਾਰਟੀ ਅੰਦਰਲਾ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀਆਂ ਕਥਿਤ ਆਪਹੁਦਰੀਆਂ ਕਰਕੇ ਟਕਸਾਲੀ ਆਗੂ ਅਤੇ ਵਰਕਰਾਂ ਨੂੰ ਘੁਟਣ ਮਹਿਸੂਸ ਹੋਣ ਲੱਗ ਪਈ ਹੈ। ਨਵੀਂ ਭਰਤੀ ਲਈ ਆਬਜ਼ਰਵਰਾਂ ਦੀ ਨਿਯੁਕਤੀ ਤੋਂ ਪਾਰਟੀ ਕਾਡਰ ਵਿੱਚ ਬੇਯਕੀਨੀ ਪੈਦਾ ਹੋ ਗਈ ਹੈ।
ਇਥੇ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਬਾਘਾਪੁਰਾਣਾ, ਧਰਮਕੋਟ, ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿੱਚ ਨਵੀਂ ਭਰਤੀ ਲਈ ਇਸ ਜ਼ਿਲ੍ਹੇ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਜਨਰਲ ਸਕੱਤਰ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਆਬਜ਼ਰਵਰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 20 ਜਨਵਰੀ ਤੋਂ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ। ਭਲਕੇ 14 ਜਨਵਰੀ ਦੀ ਮਾਘੀ ਕਾਨਫਰੰਸ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਭਰਤੀ ਲਈ ਸੁਝਾਅ ਲਏ ਜਾਣਗੇ।