ਮਹਿਲ ਸਿੰਘ ਖ਼ਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਅਕਤੂਬਰ
ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਅੱਜ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦਾ ਉਪ-ਕੁਲਪਤੀ ਨਿਯੁਕਤ ਕੀਤਾ ਗਿਆ। ਉਨ੍ਹਾਂ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ-ਚਾਂਸਲਰ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਮੌਜੂਦਗੀ ’ਚ ਅਹੁਦਾ ਸੰਭਾਲਿਆ। ਉਨ੍ਹਾਂ ਤੋਂ ਇਲਾਵਾ ਡਾ. ਖੁਸ਼ਿਵੰਦਰ ਨੂੰ ’ਵਰਸਿਟੀ ਦਾ ਰਜਿਸਟਰਾਰ, ਡਾ. ਸੁਰਿੰਦਰ ਕੌਰ ਨੂੰ ਡੀਨ ਅਕਾਦਮਿਕ ਮਾਮਲੇ , ਡਾ. ਆਰਕੇ ਧਵਨ ਨੂੰ ਡੀਨ ਰਿਸਰਚ ਅਤੇ ਡਾ. ਕੰਵਲਜੀਤ ਸਿੰਘ ਨੂੰ ਕੰਟਰੋਲਰ ਪ੍ਰੀਖਿਆਵਾਂ ਤਾਇਨਾਤ ਕੀਤਾ ਗਿਆ। ਡਾ. ਮਹਿਲ ਸਿੰਘ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਵਜੋਂ 35 ਸਾਲਾਂ ਤੋਂ ਵਧੇਰੇ ਟੀਚਿੰਗ ਅਤੇ ਪ੍ਰਸ਼ਾਸਨਿਕ ਤਜਰਬਾ ਹਾਸਲ ਹੈ। ਉਨ੍ਹਾਂ ਨੂੰ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਵੱਲੋਂ ਪਿਛਲੇ ਦਿਨੀਂ ਵਿਸ਼ੇਸ਼ ਗਠਿਤ ਕੀਤੀ ਗਈ ਖੋਜ ਅਤੇ ਸਕਰੀਨਿੰਗ ਕਮੇਟੀ ਵੱਲੋਂ ਪ੍ਰਾਪਤ ਅਰਜ਼ੀਆਂ ਦੀ ਘੋਖ ਕਰਨ ਤੋਂ ਬਾਅਦ ਚੁਣਿਆ ਗਿਆ ਹੈ।
ਖ਼ਾਲਸਾ ਯੂਨੀਵਰਸਿਟੀ ਨੂੰ 2017 ’ਚ ਸਮੇਂ ਦੀ ਸੂਬਾ ਸਰਕਾਰ ਵੱਲੋਂ ਰੱਦ ਕੀਤਾ ਗਿਆ ਸੀ। ਇਸ ਮਗਰੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਇਸ ਸਬੰਧੀ ਸੁਪਰੀਮ ਕੋਰਟ ’ਚ ਕੇਸ ਦਾਇਰ ਕੀਤਾ ਗਿਆ ਸੀ। ਅਦਾਲਤ ਨੇ 3 ਅਕਤੂਬਰ, 2024 ਨੂੰ ਇਤਿਹਾਸਕ ਫੈਸਲੇ ਰਾਹੀਂ ’ਵਰਸਿਟੀ ਰੀਪੀਲ ਐਕਟ-2017 ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਖ਼ਾਲਸਾ ਯੂਨੀਵਰਸਿਟੀ ਨੂੰ ਸੁਰਜੀਤ ਕੀਤਾ। ਡਾ. ਮਹਿਲ ਸਿੰਘ ਪੀਐੱਚਡੀ (ਪੰਜਾਬੀ) ਹਨ। ਉਹ 22 ਤੋਂ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਦੇ 44 ਤੋਂ ਜ਼ਿਆਦਾ ਖੋਜ ਪੱਤਰ ਅਤੇ ਲੇਖ ਪ੍ਰਕਾਸ਼ਿਤ ਹੋ ਚੁਕੇ ਹਨ। ਉਨ੍ਹਾਂ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ’ਤੇ ਬਿਰਾਜਮਾਨ ਕਰਨ ਲਈ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਯੂਨੀਵਰਸਿਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਰਜਿਸਟਰਾਰ ਡਾ. ਖੁਸ਼ਿਵੰਦਰ ਅਤੇ ਡੀਨ ਡਾ. ਸੁਰਿੰਦਰ, ਡਾ. ਧਵਨ, ਡਾ. ਕੰਵਲਜੀਤ ਸਿੰਘ ਨੇ ਵੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਮੌਕੇ ਕੈਂਪਸ ਸਥਿਤ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਵਿਦਿਆਰਥੀਆਂ ਵੱਲੋਂ ਗੁਰ ਜਸ ਗਾਇਨ ਕੀਤਾ ਗਿਆ।