For the best experience, open
https://m.punjabitribuneonline.com
on your mobile browser.
Advertisement

ਜ਼ਫ਼ਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਸਵੀ ਆਰਟ ਕੌਂਸਲ ਦੇ ਮੁਖੀ ਨਿਯੁਕਤ

06:46 AM Jun 25, 2024 IST
ਜ਼ਫ਼ਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਸਵੀ ਆਰਟ ਕੌਂਸਲ ਦੇ ਮੁਖੀ ਨਿਯੁਕਤ
ਸਵਰਨਜੀਤ ਸਵੀ, ਜਸਵੰਤ ਜ਼ਫ਼ਰ
Advertisement

ਪਟਿਆਲਾ (ਗੁਰਨਾਮ ਸਿੰਘ ਅਕੀਦਾ):

Advertisement

ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਜਸਵੰਤ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਪੁਸ਼ਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵਰਨਜੀਤ ਸਵੀ ਨੂੰ ਆਰਟ ਕੌਂਸਲ ਦਾ ਮੁਖੀ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਜ਼ਫ਼ਰ ਦਾ ਜਨਮ 1965 ਵਿੱਚ ਪਿੰਡ ਸੰਘੇ ਖ਼ਾਲਸਾ (ਨੂਰਮਹਿਲ) ’ਚ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿੱਚ ਲੰਘਿਆ। ਉਨ੍ਹਾਂ ਸਰਕਾਰੀ ਹਾਈ ਸਕੂਲ ਕੂੰਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਤੋਂ 1989 ਵਿੱਚ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕੀਤੀ ਪਰ ਨਾਲ-ਨਾਲ ਸਾਹਿਤਕ ਗਤੀਵਿਧੀਆਂ ਜਾਰੀ ਰੱਖੀਆਂ। ਉਨ੍ਹਾਂ ਲੁਧਿਆਣਾ ਵਿੱਚ ਕਰੀਬ ਇੱਕ ਲੱਖ ਬੂਟੇ ਲਗਵਾਏ। ਇਸ ਤੋਂ ਪਹਿਲਾਂ ਜਸਵੰਤ ਜ਼ਫ਼ਰ ਨੇ ਲੁਧਿਆਣਾ ਵਿੱਚ ਗੰਦੇ ਨਾਲੇ ਦੀ ਸਫ਼ਾਈ ਦਾ ਬੀੜਾ ਚੁੱਕਿਆ ਅਤੇ ਇੱਕ ਨਾਟਕ ‘ਬੁੱਢਾ ਦਰਿਆ’ ਦੀ ਰਚਨਾ ਕੀਤੀ। ਉਨ੍ਹਾਂ ਨੇ 1993 ਵਿੱਚ ਕਾਵਿ-ਸੰਗ੍ਰਹਿ ‘ਦੋ ਸਾਹਾਂ ਵਿਚਕਾਰ’, 2001 ਵਿੱਚ ਕਾਵਿ-ਸੰਗ੍ਰਹਿ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’, 2008 ਵਿੱਚ ਨਿਬੰਧ ਸੰਗ੍ਰਹਿ ‘ਸਿਖੁ ਸੋ ਖੋਜਿ ਲਹੈ’, 2010 ਵਿੱਚ ਕਾਵਿ-ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਅਤੇ 2015 ਵਿੱਚ ‘ਮੈਨੂੰ ਇਓਂ ਲੱਗਿਆ’ ਪ੍ਰਕਾਸ਼ਿਤ ਕਰਵਾਏ।
ਇਸੇ ਤਰ੍ਹਾਂ ਸਵਰਨਜੀਤ ਸਵੀ ਦਾ ਜਨਮ 20 ਅਕਤੂਬਰ, 1958 ਵਿੱਚ ਹੋਇਆ। ਉਹ ਇੱਕ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ। ਸਵੀ ਨੂੰ ਸਾਲ 2023 ਵਿੱਚ ਆਪਣੇ ਕਾਵਿ-ਸੰਗ੍ਰਹਿ ‘ਮਨ ਦੀ ਚਿੱਪ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।
ਉਨ੍ਹਾਂ ਕਾਵਿ-ਸੰਗ੍ਰਹਿ ‘ਦਾਇਰਿਆਂ ਦੀ ਕਬਰ ’ਚੋਂ’ (1985), ਅਵੱਗਿਆ, ਦਰਦ ਪਿਆਦੇ ਹੋਣ ਦਾ, ਦੇਹੀ ਨਾਦ, ਕਾਲਾ ਹਾਸੀਆ ਤੇ ਸੂਹਾ ਗੁਲਾਬ, ਕਾਮੇਸ਼ਵਰੀ, ਆਸ਼ਰਮ, ਮਾਂ, ਅਵੱਗਿਆ ਤੋਂ ਮਾਂ ਤੱਕ (ਨੌਂ ਪੁਸਤਕਾਂ ਦਾ ਸੈੱਟ) ਅਤੇ ਮੈਂ ਆਇਆ ਬੱਸ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।

Advertisement
Author Image

joginder kumar

View all posts

Advertisement
Advertisement
×