ਪੰਛੀਆਂ ਦੀ ਅਰਜ਼ੋਈ
ਰਘੁਵੀਰ ਸਿੰਘ ਕਲੋਆ
ਗਰਮੀ ਦੀ ਰੁੱਤ ਦਾ ਸਿਖਰ ਦੁਪਹਿਰਾ ਸੀ। ਹਾੜ੍ਹੀ ਦੀ ਫ਼ਸਲ ਚੁੱਕੀ ਜਾਣ ਕਰਕੇ ਦੂਰ ਦੂਰ ਤੱਕ ਖੇਤ ਖਾਲੀ ਪਏ ਸਨ। ਟਿਕੀ ਧੁੱਪ ਵਿੱਚ ਇਹ ਖਾਲੀ ਖੇਤ ਹੋਰ ਵੀ ਤਪ ਜਾਂਦੇ ਸਨ। ਬਹੁਤੇ ਜੀਅ-ਜੰਤੂ ਸਵੇਰੇ ਹੀ ਆਪਣੀ ਚੋਗ ਚੁਗ ਸੰਘਣੀ ਛਾਂ ਤਲਾਸ਼ਣ ਲੱਗਦੇ ਸਨ। ਅਜਿਹੇ ਵਿੱਚ ਤੇਜਾ ਸਿੰਘ ਦੇ ਖੇਤਾਂ ’ਚ ਲੱਗੇ ਕੁਝ ਰੁੱਖ ਇਨ੍ਹਾਂ ਪੰਛੀਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸਨ। ਟਿਊਬਵੈੱਲ ਦੇ ਕਮਰੇ ਨੇੜੇ ਅੰਬ ਅਤੇ ਜਾਮਣ ਦੇ ਰੁੱਖਾਂ ਦੀ ਬਣੀ ਸਾਂਝੀ ਝਿੜੀ ਅਤੇ ਹੇਠਾਂ ਆਡ ’ਚ ਵਗਦਾ ਪਾਣੀ ਇਨ੍ਹਾਂ ਸਭ ਲਈ ਨਿਆਮਤ ਸਨ। ਸਾਰਾ ਦੁਪਹਿਰਾ ਇਨ੍ਹਾਂ ਰੁੱਖਾਂ ਉੱਤੇ ਪੰਛੀਆਂ ਦੀ ਚੰਗੀ ਚਹਿਲ ਪਹਿਲ ਰਹਿੰਦੀ।
ਤੇਜਾ ਸਿੰਘ ਦੇ ਖੇਤ ਪਿੰਡੋਂ ਕੁਝ ਹਟਵੇਂ, ਇੱਕ ਸੜਕ ਕਿਨਾਰੇ ਸਨ। ਭਾਵੇਂ ਤੇਜਾ ਸਿੰਘ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਤਾਂ ਨਹੀਂ ਸੀ ਪਰ ਸਬਰ- ਸੰਤੋਖ ਵਾਲੇ ਸੁਭਾਅ ਕਾਰਨ ਉਹ ਇੰਨੇ ਵਿੱਚ ਹੀ ਖ਼ੁਸ਼ ਸੀ। ਰੁੱਖਾਂ ਨਾਲ ਤਾਂ ਉਸ ਦਾ ਖ਼ਾਸ ਲਗਾਅ ਸੀ। ਕੁਝ ਸਜਾਵਟੀ ਬੂਟੇ ਉਸ ਨੇ ਸੜਕ ਦੇ ਨਾਲ ਨਾਲ ਲਾਏ ਸਨ ਤੇ ਅੰਬ, ਅਮਰੂਦ, ਜਾਮਣ ਦੇ ਫ਼ਲਦਾਰ ਰੁੱਖ ਆਪਣੇ ਟਿਊਬਵੈੱਲ ਦੇ ਨੇੜੇ। ਅੰਬ ਅਤੇ ਜਾਮਣ ਦੇ ਰੁੱਖ ਕਾਫ਼ੀ ਵੱਡੇ ਅਤੇ ਸੰਘਣੇ ਹੋਣ ਕਾਰਨ ਇੱਥੇ ਬਹੁਤ ਸਾਰੇ ਪੰਛੀ ਪੱਕੇ ਹੀ ਰਹਿਣ ਲੱਗੇ ਸਨ। ਅੱਜ ਵੀ ਤੇਜ਼ ਧੁੱਪ ਤੋਂ ਬਚਦੇ ਬਹੁਤ ਸਾਰੇ ਪੰਛੀ ਇੱਥੇ ਬੈਠੇ ਆਰਾਮ ਕਰ ਰਹੇ ਸਨ ਕਿ ਅਚਾਨਕ ਉੱਚੀ ਟਾਹਣੀ ’ਤੇ ਬੈਠੇ ਕਾਂ ਦੀ ਨਜ਼ਰ ਦੂਰ ਉੱਠਦੇ ਧੂੰਏ ਵੱਲ ਗਈ;
‘‘ਭਰਾਵੋ! ਉਹ ਵੇਖੋ, ਅੱਜ ਫਿਰ ਕਿਸੇ ਹੋਰ ਨੇ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ।’’
ਇਹ ਹੁਣ ਸਾਰਿਆਂ ਦਾ ਧਿਆਨ ਉੱਧਰ ਖਿੱਚਿਆ ਗਿਆ। ਮਿੱਠੇ ਗੀਤ ਗਾਉਣ ਵਾਲੀ ਕੋਇਲ ਵੀ ਗੁੱਸੇ ਨਾਲ ਭਰ ਉੱਠੀ,
‘‘ਕਿੰਨਾ ਨੁਕਸਾਨ ਹੁੰਦੈ ਇਸ ਅੱਗ ਨਾਲ, ਪਤਾ ਨਹੀਂ ਇਨ੍ਹਾਂ ਮੂਰਖ ਬੰਦਿਆਂ ਨੂੰ ਕਦੋਂ ਅਕਲ ਆਉਣੀ ਹੈ।’’
‘‘ਇੱਕ ਤਾਂ ਗਰਮੀ ਉੱਪਰੋਂ ਵਰ੍ਹ ਰਹੀ, ਦੂਜਾ ਅੱਗਾਂ ਲਾ ਲਾ ਇਹ ਵਧਾਈ ਜਾਂਦੇ ਨੇ।’’ ਗੋਲੇ ਕਬੂਤਰ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਕੋਲ ਬੈਠੀ ਘੁੱਗੀ ਤਾਂ ਵਿਲਕ ਹੀ ਉੱਠੀ;
‘‘ਕਿੰਨੇ ਮਾਸੂਮ ਵਿਚਾਰੇ ਜਿਊਂਦੇ ਹੀ ਸੜ ਜਾਂਦੇ, ਪਰਸੋਂ ਨਹਿਰ ਕਿਨਾਰੇ ਲੱਗੀ ਅੱਗ ’ਚ ਆਪਣੇ ਬੱਚਿਆਂ ਨੂੰ ਬਚਾਉਂਦੀ ਇੱਕ ਟਟੀਹਰੀ ਤਾਂ ਮੈਂ ਆਪ ਸੜਦੀ ਵੇਖੀ, ਮੇਰਾ ਤਾਂ ਰੋਣ ਹੀ ਨਿਕਲ ਗਿਆ।’’
ਘੁੱਗੀ ਤੋਂ ਇਹ ਸੁਣ ਸਾਰੇ ਪੰਛੀਆਂ ਦਾ ਦਿਲ ਕੁਰਲਾਅ ਉੱਠਿਆ। ਸਭ ਨੂੰ ਇੰਨੀ ਉਦਾਸੀ ’ਚ ਵੇਖ ਕੇ ਤੋਤੇ ਨੇ ਉਨ੍ਹਾਂ ਨੂੰ ਧਰਵਾਸ ਦਿੱਤਾ;
‘‘ਸ਼ੁਕਰ ਐ ਤੇਜਾ ਸਿੰਹੁ ਅਜਿਹਾ ਨਹੀਂ ਕਰਦਾ, ਨਹੀਂ ਤਾਂ ਸਾਡੇ ਰਹਿਣ ਜੋਗੇ ਇਹ ਰੁੱਖ ਵੀ ਨਹੀਂ ਸੀ ਰਹਿਣੇ।’’
ਹੁਣ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਅੱਗੇ ਤੇਜਾ ਸਿੰਘ ਦਾ ਚਿਹਰਾ ਘੁੰਮਣ ਲੱਗਾ। ਹਰ ਵੇਲੇ ਸ਼ਾਂਤ ਚਿਤ ਰਹਿਣ ਵਾਲਾ ਤੇਜਾ ਸਿੰਘ ਉਨ੍ਹਾਂ ਸਭ ਨੂੰ ਨਿਰਾ ਦੇਵਤਾ ਹੀ ਜਾਪਦਾ ਸੀ। ਉਹ ਸਭ ਹਾਲੇ ਇਹ ਗੱਲਾਂ ਹੀ ਕਰ ਰਹੇ ਸਨ ਕਿ ਅੱਗ ਨੇੜੇ ਆਉਣ ਲੱਗੀ। ਹਵਾ ਦਾ ਰੁਖ਼ ਆਪਣੇ ਵੱਲ ਵੇਖ ਉਹ ਸਾਰੇ ਚਿੰਤਾ ਵਿੱਚ ਪੈ ਗਏ ਪਰ ਤੇਜਾ ਸਿੰਘ ਨੇ ਤਾਂ ਆਪਣੇ ਖੇਤਾਂ ਦਾ ਨਾੜ ਪਹਿਲਾਂ ਹੀ ਵਾਹ ਕੇ ਮਿੱਟੀ ਵਿੱਚ ਰਲਾ ਦਿੱਤਾ ਸੀ। ਇਸ ਲਈ ਅੱਗ ਤੇਜਾ ਸਿੰਘ ਦੇ ਬੰਨੇ ਤੋਂ ਪਾਰ ਹੀ ਰੁਕ ਗਈ। ਅੱਗ ਰੁਕੀ ਤਾਂ ਸਭ ਪੰਛੀਆਂ ਨੂੰ ਵੀ ਸੁੱਖ ਦਾ ਸਾਹ ਆਇਆ। ਇਸੇ ਗੱਲੋਂ ਫ਼ਿਕਰਮੰਦ ਤੇਜਾ ਸਿੰਘ ਵੀ ਇਹ ਸਭ ਉੱਚਾ ਹੋ ਵੇਖ ਰਿਹਾ ਸੀ। ਟਿਊਬਵੈੱਲ ਦਾ ਪਾਣੀ ਬੰਦ ਕਰ ਹੁਣ ਉਹ ਵੀ ਅੰਬ ਹੇਠ ਡੱਠੀ ਮੰਜੀ ’ਤੇ ਆਰਾਮ ਕਰਨ ਲੱਗਾ। ਆਪਣੇ ਦੇਵਤੇ ਦੇ ਆਰਾਮ ਵਿੱਚ ਵਿਘਨ ਨਾ ਪਵੇ, ਇਸੇ ਲਈ ਸਭ ਪੰਛੀ ਵੀ ਸ਼ਾਂਤ ਹੋ ਕੇ ਬੈਠ ਗਏ ਪਰ ਘੁੱਗੀ ਇਹ ਕਹਿਣੋ ਆਪਣੇ ਆਪ ਨੂੰ ਰੋਕ ਨਾ ਸਕੀ;
‘‘ਹੇ ਰੱਬਾ, ਕਾਸ਼! ਸਾਰੇ ਕਿਸਾਨ ਤੇਜਾ ਸਿੰਹੁ ਵਰਗੇ ਹੋ ਜਾਣ।’’
ਇਹੀ ਅਰਜ਼ੋਈ ਹੁਣ ਉੱਥੇ ਬੈਠੇ ਬਾਕੀ ਸਭ ਪੰਛੀ ਵੀ ਦੁਹਰਾ ਰਹੇ ਸਨ।
ਸੰਪਰਕ: 98550-24495