ਭਾਰਤ ਸਣੇ 92 ਮੁਲਕਾਂ ਦੇ ਐਪਲ ਯੂਜਰਜ਼ ਦੀ ਕੀਤੀ ਜਾ ਸਕਦੀ ਹੈ ਜਾਸੂਸੀ, ਖ਼ਤਰੇ ਬਾਰੇ ਕੰਪਨੀ ਨੇ ਚਿਤਾਵਨੀ ਜਾਰੀ ਕੀਤੀ
ਨਵੀਂ ਦਿੱਲੀ, 11 ਅਪਰੈਲ
ਐਪਲ ਨੇ ਸਪਾਈਵੇਅਰ ਹਮਲੇ ਬਾਰੇ ਭਾਰਤ ਸਮੇਤ 92 ਦੇਸ਼ਾਂ ਦੇ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਐਪਲ ਦਾ ਕਹਿਣਾ ਹੈ ਕਿ ਯੂਜ਼ਰਸ ਸਪਾਈਵੇਅਰ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ, ਜੋ ਯੂਜ਼ਰਸ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ। ਇਹ ਸਪਾਈਵੇਅਰ ਚੁਣੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਕੰਪਨੀ ਨੇ ਇਸ ਖਤਰੇ ਦੀ ਜਾਣਕਾਰੀ ਯੂਜ਼ਰਸ ਨੂੰ ਈਮੇਲ ਰਾਹੀਂ ਦਿੱਤੀ ਹੈ। ਐਪਲ ਨੇ ਆਪਣੀ ਈਮੇਲ 'ਚ ਕਿਹਾ ਹੈ ਕਿ ਇਹ ਜਾਸੂਸੀ ਹਮਲਾ ਆਈਫੋਨ ਯੂਜ਼ਰਸ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਈਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਪਾਈਵੇਅਰ ਹਮਲਾ ਨਿਯਮਤ ਸਾਈਬਰ ਅਪਰਾਧਿਕ ਗਤੀਵਿਧੀ ਅਤੇ ਹੋਰ ਮਾਲਵੇਅਰ ਹਮਲਿਆਂ ਨਾਲੋਂ ਬਹੁਤ ਜ਼ਿਆਦਾ ਉੱਨਤ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ। ਆਈਫੋਨ ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ। ਐਪਲ ਹੁਣ ਤੱਕ 150 ਤੋਂ ਵੱਧ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਜਾਰੀ ਕਰ ਚੁੱਕਾ ਹੈ।