ਐੱਪਲ ਕੰਪਨੀ ਨੇ ਪੈਗਾਸਸ ਦੇ ਹਮਲਿਆਂ ਤੋਂ ਚੌਕਸ ਕੀਤਾ
ਨਵੀਂ ਦਿੱਲੀ: ਆਈਫੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਆਪਣੇ ਖਪਤਕਾਰਾਂ ਨੂੰ ਪੈਗਾਸਸ ਜਿਹੇ ਸਪਾਈਵੇਅਰ ਹਮਲਿਆਂ ਤੋਂ ਚੌਕਸ ਕਰਦਿਆਂ ਕਿਹਾ ਕਿ ਸੀਮਤ ਗਿਣਤੀ ’ਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਪਾਈਵੇਅਰ ਹਮਲਿਆਂ ਦੀ ਜ਼ੱਦ ’ਚ ਆਉਣ ਵਾਲੇ ਲੋਕਾਂ ’ਚ ਪੱਤਰਕਾਰ, ਸਮਾਜਿਕ ਕਾਰਕੁਨ, ਸਿਆਸੀ ਆਗੂ ਤੇ ਕੂਟਨੀਤਕ ਸ਼ਾਮਲ ਹਨ। ਐੱਪਲ ਨੇ ਹਾਲਾਂਕਿ ਇਨ੍ਹਾਂ ਹਮਲਿਆਂ ਸਬੰਧੀ ਜਾਰੀ ਇੱਕ ਸੂਚਨਾ ’ਚ ਕਿਹਾ ਕਿ ਅਕਸਰ ਉੱਚੀ ਲਾਗਤ ਆਉਣ ਕਾਰਨ ਘੱਟ ਗਿਣਤੀ ਵਿੱਚ ਹੀ ਸਪਾਈਵੇਅਰ ਤਾਇਨਾਤ ਕੀਤਾ ਜਾਂਦਾ ਹੈ ਪਰ ਕਿਰਾਏ ਦੇ ਸਪਾਈਵੇਅਰ ਨਾਲ ਹਮਲੇ ਜਾਰੀ ਹਨ ਅਤੇ ਇਹ ਹਮਲੇ ਆਲਮੀ ਪੱਧਰ ’ਤੇ ਕੀਤੇ ਜਾ ਰਹੇ ਹਨ। ਐੱਪਲ ਨੇ 10 ਅਪਰੈਲ ਨੂੰ ਜਾਰੀ ਇਸ ਖਤਰੇ ਦੇ ਨੋਟੀਫਿਕੇਸ਼ਨ ’ਚ ਪਿਛਲੀ ਸੋਧ ਤੇ ਰਿਪੋਰਟਾਂ ਦੇ ਆਧਾਰ ’ਤੇ ਇਹ ਸੰਕੇਤ ਦਿੱਤਾ ਹੈ ਕਿ ਅਜਿਹੇ ਹਮਲਿਆਂ ਦਾ ਸਬੰਧ ਇਤਿਹਾਸਕ ਤੌਰ ’ਤੇ ਸਰਕਾਰ ਨਾਲ ਜੁੜੇ ਪੱਖਾਂ ਨਾਲ ਰਿਹਾ ਹੈ। ਇਹ ਨੋਟੀਫਿਕੇਸ਼ਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਸਮੇਤ ਦੁਨੀਆ ਦੇ ਤਕਰੀਬਨ 60 ਮੁਲਕਾਂ ’ਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵੱਡੀ ਫੋਨ ਨਿਰਮਾਤਾ ਕੰਪਨੀ ਨੇ ਕਿਹਾ, ‘ਖਤਰੇ ਦੀਆਂ ਸੂਚਨਾਵਾਂ ਉਨ੍ਹਾਂ ਖਪਤਕਾਰਾਂ ਨੂੰ ਸੂਚਿਤ ਕਰਨ ਅਤੇ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਨਿੱਜੀ ਤੌਰ ’ਤੇ ਕਿਰਾਏ ਦੇ ਸਪਾਈਵੇਅਰ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਹੋਵੇ। ਸੰਭਵ ਹੈ ਕਿ ਅਜਿਹਾ ਇਸ ਲਈ ਹੋਵੇ ਕਿ ਉਹ ਕੌਣ ਹਨ ਜਾਂ ਕੀ ਕਰਦੇ ਹਨ। ਅਜਿਹੇ ਹਮਲੇ ਆਮ ਸਾਈਬਰ ਅਪਰਾਧਿਕ ਗਤੀਵਿਧੀਆਂ ਜਾਂ ਖਪਤਕਾਰ ਮਾਲਵੇਅਰ ਮੁਕਾਬਲੇ ਬਹੁਤ ਜ਼ਿਆਦਾ ਜਟਿਲ ਹੁੰਦੇ ਹਨ। -ਪੀਟੀਆਈ