ਟਰੰਪ ਨੂੰ ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਅਪੀਲ
ਵਾਸ਼ਿੰਗਟਨ, 30 ਦਸੰਬਰ
ਅਮਰੀਕਾ ਵਿੱਚ ਬੰਗਲਾਦੇਸ਼ੀ ਮੂਲ ਦੇ ਅਮਰੀਕੀ ਹਿੰਦੂ, ਬੋਧੀ ਅਤੇ ਈਸਾਈ ਭਾਈਚਾਰਿਆਂ ਦੇ ਲੋਕਾਂ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬੰਗਲਾਦੇਸ਼ ਵਿੱਚ ਧਾਰਮਿਕ ਤੇ ਨਸਲੀ ਘੱਟ-ਗਿਣਤੀਆਂ ਖ਼ਿਲਾਫ਼ ਜਾਰੀ ਅੱਤਿਆਚਾਰਾਂ ਸਬੰਧੀ ਦਖ਼ਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਟਰੰਪ ਨੂੰ ਬੰਗਲਾਦੇਸ਼ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਮਦਦ ਦੀ ਅਪੀਲ ਕੀਤੀ। ਹਿੰਦੂ ਸੰਤ ਚਿਨਮਯ ਕ੍ਰਿਸ਼ਨਾ ਦਾਸ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਲਈ ਟਰੰਪ ਨੂੰ ਅਪੀਲ ਕਰਦਿਆਂ ਸਮੂਹ ਭਾਈਚਾਰੇ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਕੱਟੜਵਾਦ ਦਾ ਖ਼ਤਰਾ ਵਧ ਰਿਹਾ ਹੈ। ਟਰੰਪ ਦੇ ਨਾਮ ਦਿੱਤੇ ਮੰਗ ਪੱਤਰ ’ਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਮੁਹਿੰਮਾਂ ਵਿੱਚ ਬੰਗਲਾਦੇਸ਼ ਦੀ ਭਾਗੀਦਾਰੀ ਨੂੰ ਅੰਦਰੂਨੀ ਨਸਲੀ ਅਤੇ ਧਾਰਮਿਕ ਅਤਿਆਚਾਰ ਦੇ ਖਾਤਮੇ ਨਾਲ ਜੋੜਨ ਦਾ ਸੁਝਾਅ ਦਿੱਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਮੁਤਾਬਕ ਮੰਗ ਪੱਤਰ ਵਿੱਚ ਘੱਟ ਗਿਣਤੀਆਂ ਅਤੇ ਉੱਥੇ ਦੇ ਮੂਲ ਬਾਸ਼ਿੰਦਿਆਂ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਲਈ ਇੱਕ ਵਿਆਪਕ ਘੱਟ ਗਿਣਤੀ ਸੁਰੱਖਿਆ ਕਾਨੂੰਨ ਦੀ ਵੀ ਤਜਵੀਜ਼ ਰੱਖੀ ਗਈ ਹੈ।
ਬਿਆਨ ਅਨੁਸਾਰ, ਮੁੱਖ ਸਿਫ਼ਾਰਸ਼ਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਲਈ ਸੁਰੱਖਿਅਤ ਖੇਤਰਾਂ ਦੀ ਸਥਾਪਨਾ, ਘੱਟ ਗਿਣਤੀਆਂ ਲਈ ਵੱਖਰੀ ਚੋਣ ਵਿਵਸਥਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਲਈ ਅਪਰਾਧ ਨੂੰ ਭੜਕਾਉਣ ਵਾਲੇ ਤੇ ਨਫ਼ਰਤੀ ਭਾਸ਼ਣ ਖ਼ਿਲਾਫ਼ ਕਾਨੂੰਨ ਬਣਾਉਣਾ ਸ਼ਾਮਲ ਹੈ। -ਪੀਟੀਆਈ