ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਲੋਕਾਂ ਨੂੰ ਅਪੀਲ
ਨਵੀਂ ਦਿੱਲੀ, 4 ਅਪਰੈਲ
ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇਸ ਸਮੇਂ ‘ਨਾਜ਼ੁਕ ਮੋੜ’ ’ਤੇ ਖੜ੍ਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਦੇਸ਼ ਦਾ ਨਿਰਮਾਣ’ ਕਰਨ ਵਾਲਿਆਂ ਅਤੇ ਇਸ ਨੂੰ ‘ਨਸ਼ਟ’ ਕਰਨ ਵਾਲਿਆਂ ਦੀ ਪਛਾਣ ਕਰਨ। ਐਕਸ ’ਤੇ ਹਿੰਦੀ ਵਿੱਚ ਇੱਕ ਪੋਸਟ ਸਾਂਝੀ ਕਰਦਿਆਂ ਕਾਂਗਰਸੀ ਆਗੂ ਨੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਭਵਿੱਖ ਤੁਹਾਡੇ ਆਪਣੇ ਹੱਥਾਂ ਵਿੱਚ ਹੈ ਅਤੇ ਤੁਹਾਨੂੰ ਸੋਚਣਾ, ਸਮਝਣਾ ਅਤੇ ਫਿਰ ਸਹੀ ਫੈਸਲਾ ਲੈਣਾ ਚਾਹੀਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਇਸ ਵੇਲੇ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਸਮਾਜ ਦੇ ਹਰ ਵਰਗ ਨੂੰ ‘ਦੇਸ਼ ਬਣਾਉਣ’ ਅਤੇ ‘ਨਸ਼ਟ’ ਕਰਨ ਵਾਲਿਆਂ ਨੂੰ ਪਛਾਣਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਬਲਾਕ ਦਾ ਮਤਲਬ ਹੈ ਕਿ ਨੌਜਵਾਨਾਂ ਲਈ ਪਹਿਲਾਂ ਨੌਕਰੀ ਦੀ ਪੁਸ਼ਟੀ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ, ਮਜ਼ਦੂਰਾਂ ਲਈ ਘੱਟੋ-ਘੱਟ 400 ਰੁਪਏ ਪ੍ਰਤੀ ਦਿਨ ਦੀ ਉਜਰਤ, ਜਾਤੀ ਜਨਗਣਨਾ ਅਤੇ ਆਰਥਿਕ ਸਰਵੇਖਣ ਅਤੇ ਸੰਵਿਧਾਨ ਤੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ। ਉਧਰ, ਉਨ੍ਹਾਂ ਨਾਲ ਹੀ ਕਿਹਾ ਭਾਜਪਾ ਦਾ ਮਤਲਬ ਹੈ: ਬੇਰੁਜ਼ਗਾਰੀ ਦੀ ਪੁਸ਼ਟੀ, ਕਿਸਾਨਾਂ ’ਤੇ ਕਰਜ਼ੇ ਦਾ ਬੋਝ, ਅਸੁਰੱਖਿਅਤ ਅਤੇ ਅਧਿਕਾਰਾਂ ਤੋਂ ਬਿਨਾਂ ਔਰਤਾਂ, ਮਜਬੂਰ ਅਤੇ ਬੇਸਹਾਰਾ ਮਜ਼ਦੂਰ, ਪਛੜੇ ਲੋਕਾਂ ਨਾਲ ਵਿਤਕਰਾ ਅਤੇ ਸ਼ੋਸ਼ਣ ਅਤੇ ਇਸ ਦੇ ਨਾਲ ਹੀ ਤਾਨਾਸ਼ਾਹੀ ਅਤੇ ਝੂਠਾ ਲੋਕਤੰਤਰ। ‘‘ਤੁਹਾਡਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ, ਸੋਚੋ, ਸਮਝੋ ਅਤੇ ਸਹੀ ਫੈਸਲਾ ਲਓ।’’ ਲੋਕ ਸਭਾ ਚੋਣਾਂ 19 ਅਪਰੈਲ ਤੋਂ ਸੱਤ ਗੇੜਾਂ ਵਿੱਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। -ਪੀਟੀਆਈ