For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਨੂੰ ਇਰਾਨ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਅਪੀਲ

06:56 AM Apr 16, 2024 IST
ਇਜ਼ਰਾਈਲ ਨੂੰ ਇਰਾਨ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਅਪੀਲ
ਇਜ਼ਰਾਇਲੀ ਰਾਜਦੂਤ ਗਿਲਾਡ ਅਰਡਨ ਸੰਯੁਕਤ ਰਾਸ਼ਟਰ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

* ਇਜ਼ਰਾਈਲ ਦੇ ਫੌਜ ਮੁਖੀ ਵੱਲੋਂ ਇਰਾਨ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ

Advertisement

ਵਾਸ਼ਿੰਗਟਨ, 15 ਅਪਰੈਲ
ਇਰਾਨ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਮਗਰੋਂ ਮੱਧ ਪੂਰਬ ’ਚ ਤਣਾਅ ਹੋਰ ਵਧਣ ਦੇ ਸੰਕੇਤਾਂ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਜਾਰਡਨ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਹਮਰੁਤਬਾ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ। ਉਧਰ ਆਲਮੀ ਆਗੂਆਂ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ ਖ਼ਿਲਾਫ਼ ਜਵਾਬੀ ਕਾਰਵਾਈ ਨਾ ਕਰੇ।
ਇਸ ਦੌਰਾਨ ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਜਨਰਲ ਹਰਜ਼ੀ ਹਾਲੇਵੀ ਨੇ ਐਲਾਨ ਕੀਤਾ ਹੈ ਕਿ ਉਹ ਇਰਾਨ ਦੇ ਹਮਲੇ ਦਾ ਜਵਾਬ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਵੀ ਆਪਣੇ ਸਾਊਦੀ ਅਤੇ ਇਜ਼ਰਾਇਲੀ ਹਮਰੁਤਬਾ ਨਾਲ ਗੱਲਬਾਤ ਕਰਕੇ ਤਣਾਅ ਘਟਾਉਣ ਦੇ ਯਤਨ ਕੀਤੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਜੀ-7 ਮੁਲਕਾਂ ਦੇ ਆਗੂਆਂ ਨਾਲ ਕਾਨਫਰੰਸ ਮਗਰੋਂ ਉਨ੍ਹਾਂ ਜਾਰਡਨ ਦੇ ਸ਼ਾਹ ਅਬਦੁੱਲਾ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੱਖੋ ਵੱਖਰੇ ਤੌਰ ’ਤੇ ਚਰਚਾ ਕੀਤੀ। ਉਨ੍ਹਾਂ ਇਜ਼ਰਾਈਲ ਨੂੰ ਭਰੋਸਾ ਦਿਵਾਇਆ ਕਿ ਅਮਰੀਕਾ ਉਸ ਦੀ ਸੁਰੱਖਿਆ ਲਈ ਵਚਨਬੱਧ ਹੈ। ਬਾਇਡਨ ਨੇ ਸੈਨੇਟ ਦੇ ਆਗੂ ਚੱਕ ਸ਼ੂਮਰ, ਮਿਚ ਮੈਕੌਨਲ, ਸਪੀਕਰ ਮਾਈਕ ਜੌਹਨਸਨ ਅਤੇ ਹਾਕਿਮ ਜੈਫਰੀਜ਼ ਨਾਲ ਇਰਾਨ ਵੱਲੋਂ ਇਜ਼ਰਾਈਲ ਖ਼ਿਲਾਫ਼ ਕੀਤੇ ਗਏ ਹਮਲੇ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ੂਮਰ ਨੇ ਕਿਹਾ ਕਿ ਇਰਾਨ ਦੀਆਂ ਕਾਰਵਾਈਆਂ ਕਰਕੇ ਉਹ ਇਕੱਲਾ ਪੈਂਦਾ ਜਾ ਰਿਹਾ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਯੂਕੇ ਜਵਾਬੀ ਹਮਲੇ ਦੀ ਹਮਾਇਤ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਯੂਕੇ ਵੱਲੋਂ ਇਰਾਨ ਖ਼ਿਲਾਫ਼ ਹੋਰ ਪਾਬੰਦੀਆਂ ਲਾਏ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕਿਹਾ ਕਿ ਇਜ਼ਰਾਈਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਅਨਾਲੇਨਾ ਬਾਇਰਬੋਕ ਨੇ ਇਰਾਨੀ ਹਮਰੁਤਬਾ ਹੁਸੈਨ ਅਮੀਰ-ਅਬਦੁੱਲੀਆਂ ਨੂੰ ਫੋਨ ’ਤੇ ਕਿਹਾ ਕਿ ਉਹ ਖ਼ਿੱਤੇ ’ਚ ਹੋਰ ਤਣਾਅ ਨਾ ਫੈਲਾਉਣ। -ਪੀਟੀਆਈ

ਇਰਾਨ ਅਤੇ ਇਜ਼ਰਾਈਲ ਨੂੰ ਸ਼ਾਂਤ ਰਹਿਣ ਲਈ ਕਿਹਾ: ਜੈਸ਼ੰਕਰ

ਬੰਗਲੂਰੂ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਤੋਂ ਭਾਰਤ ਚਿੰਤਤ ਹੈ। ਉਨ੍ਹਾਂ ਦੋਵੇਂ ਮੁਲਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਮੱਧ ਪੂਰਬ ਆਲਮੀ ਅਰਥਚਾਰੇ ਲਈ ਬਹੁਤ ਅਹਿਮ ਖ਼ਿੱਤਾ ਹੈ ਅਤੇ ਤਣਾਅ ਫੈਲਣ ਨਾਲ ਕਈ ਮੁਲਕਾਂ ਨੂੰ ਢਾਹ ਲੱਗ ਸਕਦੀ ਹੈ। ‘ਅਸੀਂ ਇਰਾਨ ਅਤੇ ਇਜ਼ਰਾਈਲ ਨੂੰ ਆਖਦੇ ਆ ਰਹੇ ਹਾਂ ਕਿ ਉਹ ਹਾਲਾਤ ਨੂੰ ਹੋਰ ਵਿਗੜਨ ਦੀ ਇਜਾਜ਼ਤ ਨਾ ਦੇਣ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੱਧ ਪੂਰਬ ਖ਼ਿੱਤੇ ਦੀ ਸਥਿਰਤਾ ਜ਼ਰੂਰੀ ਹੈ ਕਿਉਂਕਿ ਉਥੇ ਕਰੀਬ ਇਕ ਕਰੋੜ ਭਾਰਤੀ ਨਾਗਰਿਕ ਵਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸੇ ਖ਼ਿੱਤੇ ’ਚੋਂ ਮੁਲਕ ਦੇ ਜ਼ਿਆਦਾਤਰ ਸਮੁੰਦਰੀ ਜਹਾਜ਼ ਲੰਘਦੇ ਹਨ ਅਤੇ ਤੇਲ ਵੀ ਉਥੋਂ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਖ਼ਿੱਤੇ ’ਚ ਸ਼ਾਂਤੀ ਕਾਇਮ ਰੱਖਣ ਦੇ ਇਰਾਦੇ ਨਾਲ ਹੀ ਉਨ੍ਹਾਂ ਇਰਾਨ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਰਾਨ-ਇਜ਼ਰਾਈਲ ਸੰਘਰਸ਼ ਦਾ ਮਾੜਾ ਅਸਰ ਪੈਣ ਦੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਮੁਲਕ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਹੈ। -ਪੀਟੀਆਈ

ਸਮੁੰਦਰੀ ਨੇਮਾਂ ਦੀ ਉਲੰਘਣਾ ਕਾਰਨ ਜਹਾਜ਼ ਜ਼ਬਤ ਕੀਤਾ: ਇਰਾਨ

ਦੁਬਈ: ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੁਰਤਗਾਲ ਦੇ ਝੰਡੇ ਵਾਲੇ ਬੇੜੇ ਐੱਮਐੱਸਸੀ ਏਰੀਜ਼ ਨੂੰ ਸਮੁੰਦਰੀ ਨੇਮਾਂ ਦੀ ਉਲੰਘਣਾ ਲਈ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਬੇੜਾ ਇਜ਼ਰਾਈਲ ਨਾਲ ਸਬੰਧਤ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਾਸਿਰ ਕਨਾਨੀ ਨੇ ਕਿਹਾ ਕਿ ਸਮੁੰਦਰੀ ਨੇਮਾਂ ਦੀ ਉਲੰਘਣਾ ਕਰਦਿਆਂ ਬੇੜਾ ਇਰਾਨ ਦੇ ਪਾਣੀਆਂ ’ਚ ਆ ਗਿਆ ਸੀ ਅਤੇ ਉਸ ਨੇ ਇਰਾਨ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ ਸਨ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਕਿਹਾ ਕਿ ਗਾਰਡਜ਼ ਹੈਲੀਕਾਪਟਰ ਰਾਹੀਂ ਐੱਮਐੱਸਸੀ ਏਰੀਜ਼ ਜਹਾਜ਼ ’ਤੇ ਉਤਰੇ ਸਨ ਅਤੇ ਉਸ ਨੂੰ ਇਰਾਨੀ ਸੀਮਾ ਅੰਦਰ ਲਿਆਂਦਾ ਗਿਆ ਹੈ। -ਰਾਇਟਰਜ਼

ਸਲਾਮਤੀ ਕੌਂਸਲ ਨੇ ਹੰਗਾਮੀ ਮੀਟਿੰਗ ਕੀਤੀ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਇਜ਼ਰਾਈਲ ’ਤੇ ਇਰਾਨ ਵੱਲੋਂ ਕੀਤੇ ਗਏ ਹਮਲੇ ਬਾਰੇ ਚਰਚਾ ਕਰਨ ਲਈ ਹੰਗਾਮੀ ਮੀਟਿੰਗ ਕੀਤੀ। ਕੌਂਸਲ ਦੀ ਮੀਟਿੰਗ ਬਿਨਾਂ ਕੋਈ ਕਾਰਵਾਈ ਕੀਤਿਆਂ ਖ਼ਤਮ ਹੋ ਗਈ। ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ, “ਹੁਣ ਮਾਹੌਲ ਸ਼ਾਂਤ ਕਰਨ ਅਤੇ ਜੰਗ ਰੋਕਣ ਦਾ ਸਮਾਂ ਹੈ।’’ ਉਨ੍ਹਾਂ ਕਿਹਾ ਕਿ ਹੁਣ ਵੱਧ ਤੋਂ ਵੱਧ ਸੰਜਮ ਰੱਖਣ ਦਾ ਵੀ ਸਮਾਂ ਹੈ ਕਿਉਂਕਿ ਦੁਨੀਆ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ ਹੈ। ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਕੌਂਸਲ ਨੂੰ ਦੱਸਿਆ ਕਿ ਐਤਵਾਰ ਨੂੰ ਦੁਨੀਆ ਨੇ ਇੱਕ ਭੜਕਾਊ ਕਾਰਵਾਈ ਨੂੰ ਦੇਖਿਆ ਜੋ ਵੱਡਾ ਸਬੂਤ ਹੈ ਕਿ ਚਿਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਵੀ ਇਰਾਨ ਸ਼ਾਂਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਉਹ ਲੜਕਾ ਨਹੀਂ ਹੈ ਜੋ ਬਘਿਆੜ ਆਉਣ ਦਾ ਰੌਲਾ ਪਾਉਂਦਾ ਹੈ ਸਗੋਂ ਡਟ ਕੇ ਚੁਣੌਤੀ ਦਾ ਸਾਹਮਣਾ ਕਰਦਾ ਹੈ। ਇਰਾਨ ਦੇ ਸਫ਼ੀਰ ਸਈਦ ਇਰਾਵਾਨੀ ਨੇ ਕਿਹਾ ਕਿ ਉਸ ਦੇ ਮੁਲਕ ਨੇ ਆਪਣੀ ਰੱਖਿਆ ਕਰਨ ਦੇ ਅਧਿਕਾਰ ਤਹਿਤ ਇਹ ਕਾਰਵਾਈ ਕੀਤੀ ਹੈ। ਅਮਰੀਕੀ ਉਪ ਰਾਜਦੂਤ ਰਾਬਰਟ ਵੁੱਡ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਕਿਹਾ ਕਿ ਜੋ ਕੁਝ ਹੋਇਆ, ਉਸ ’ਤੇ ਸਲਾਮਤੀ ਕੌਂਸਲ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। -ਏਪੀ

ਜ਼ਬਤ ਬੇੜੇ ਦੇ ਭਾਰਤੀ ਅਮਲੇ ਨਾਲ ਮੁਲਾਕਾਤ ਦੀ ਆਗਿਆ ਦੇਵੇਗਾ ਇਰਾਨ

ਨਵੀਂ ਦਿੱਲੀ: ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ-ਅਬਦੁੱਲੀਆਂ ਨੇ ਕਿਹਾ ਹੈ ਕਿ ਉਹ ਆਪਣੇ ਮੁਲਕ ਦੀ ਫ਼ੌਜ ਵੱਲੋਂ ਹੋਰਮੁਜ਼ ਜਲਡਮਰੂ ਨੇੜੇ ਜ਼ਬਤ ਕੀਤੇ ਗਏ ਮਾਲਵਾਹਕ ਸਮੁੰਦਰੀ ਬੇੜੇ ਦੇ ਅਮਲੇ ’ਚ ਸ਼ਾਮਲ 17 ਭਾਰਤੀਆਂ ਨਾਲ ਭਾਰਤੀ ਅਧਿਕਾਰੀਆਂ ਨੂੰ ਮਿਲਣ ਦੀ ਇਜਾਜ਼ਤ ਦੇਵੇਗਾ। ਇਰਾਨੀ ਬਿਆਨ ਮੁਤਾਬਕ ਅਬਦੁੱਲੀਆਂ ਨੇ ਇਹ ਭਰੋਸਾ ਭਾਰਤੀ ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਵੱਲੋਂ ਐਤਵਾਰ ਨੂੰ ਫੋਨ ’ਤੇ ਕੀਤੀ ਗਈ ਗੱਲਬਾਤ ਦੌਰਾਨ ਦਿੱਤਾ। ਗੱਲਬਾਤ ਦੌਰਾਨ ਜੈਸ਼ੰਕਰ ਨੇ ਪੁਰਤਗਾਲੀ ਝੰਡੇ ਵਾਲੇ ਬੇੜੇ ਐੱਮਐੱਸਸੀ ਏਰੀਜ਼ ’ਤੇ ਸਵਾਰ ਭਾਰਤੀਆਂ ਦੀ ਰਿਹਾਈ ਵੀ ਮੰਗੀ। ਅਬਦੁੱਲੀਆਂ ਨੇ ਕਿਹਾ ਕਿ ਉਹ ਜ਼ਬਤ ਕੀਤੇ ਗਏ ਬੇੜੇ ਦੇ ਵੇਰਵੇ ਹਾਸਲ ਕਰ ਰਹੇ ਹਨ ਅਤੇ ਛੇਤੀ ਹੀ ਉਹ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੀ ਅਮਲੇ ਨਾਲ ਮੁਲਾਕਾਤ ਸੰਭਵ ਬਣਾਉਣਗੇ। ਜੈਸ਼ੰਕਰ ਨੇ 17 ਭਾਰਤੀਆਂ ਪ੍ਰਤੀ ਚਿੰਤਾ ਜਤਾਈ ਅਤੇ ਇਸ ਬਾਰੇ ਇਰਾਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੇ ਨੇਵਲ ਬਲਾਂ ਨੇ ਐੱਮਐੱਸਸੀ ਏਰੀਜ਼ ਦੇ ਇਜ਼ਰਾਈਲ ਨਾਲ ਸਬੰਧਾਂ ਕਾਰਨ ਉਸ ’ਤੇ ਕਬਜ਼ਾ ਕਰ ਲਿਆ ਸੀ। ਐੱਮਐੱਸਸੀ ਨੇ ਕਿਹਾ ਕਿ ਉਹ ਬੇੜੇ ’ਤੇ ਸਵਾਰ ਅਮਲੇ ਦੇ 25 ਮੈਂਬਰਾਂ ਦੀ ਸੁਰੱਖਿਅਤ ਰਿਹਾਈ ਲਈ ਕੋਸ਼ਿਸ਼ਾਂ ਕਰ ਰਹੇ ਹਨ। ਵ੍ਹਾਈਟ ਹਾਊਸ ਨੈਸ਼ਨਲ ਸਕਿਉਰਿਟੀ ਕੌਂਸਲ ਦੇ ਤਰਜਮਾਨ ਐਡਰੀਨ ਵਾਟਸਨ ਨੇ ਕਿਹਾ ਕਿ ਜਹਾਜ਼ ਦੇ ਅਮਲੇ ’ਚ ਭਾਰਤੀ, ਫਿਲਪੀਨੀ, ਪਾਕਿਸਤਾਨੀ, ਰੂਸੀ ਅਤੇ ਐਸਟੋਨੀਆ ਦੇ ਨਾਗਰਿਕ ਸ਼ਾਮਲ ਹਨ। -ਪੀਟੀਆਈ

ਪੱਛਮੀ ਏਸ਼ੀਆ ’ਚ ਸਥਿਰਤਾ ਲਈ ਭਾਰਤ ਨਿਭਾਅ ਸਕਦੈ ਅਹਿਮ ਭੂਮਿਕਾ: ਇਜ਼ਰਾਇਲੀ ਸਫ਼ੀਰ

ਨਵੀਂ ਦਿੱਲੀ: ਇਜ਼ਰਾਈਲ ਦੇ ਭਾਰਤ ’ਚ ਸਫ਼ੀਰ ਨਾਓਰ ਗਿਲੋਨ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਨ੍ਹਾਂ ਦਾ ਮੁਲਕ ਇਰਾਨ ਖ਼ਿਲਾਫ਼ ਕਾਰਵਾਈ ਕਰੇਗਾ। ਉਨ੍ਹਾਂ ਭਾਰਤ ਨੂੰ ਕਿਹਾ ਕਿ ਪੱਛਮੀ ਏਸ਼ੀਆ ਖ਼ਿੱਤੇ ’ਚ ਸਥਿਰਤਾ ਲਿਆਉਣ ’ਚ ਉਸ ਨੂੰ ਵੱਡੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਜ਼ਰਾਇਲੀ ਸਫ਼ਾਰਤਖਾਨੇ ’ਚ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫ਼ੌਜ ਨੇ ਅਮਰੀਕਾ ਅਤੇ ਹੋਰ ਮਿੱਤਰ ਮੁਲਕਾਂ ਦੀ ਸਹਾਇਤਾ ਨਾਲ ਇਰਾਨ ਵੱਲੋਂ ਦਾਗ਼ੇ ਗਏ ਡਰੋਨਾਂ ਅਤੇ ਮਿਜ਼ਾਈਲਾਂ ’ਚੋਂ 99 ਫ਼ੀਸਦੀ ਨੂੰ ਫੁੰਡ ਦਿੱਤਾ। ਉਨ੍ਹਾਂ ਕਿਹਾ ਕਿ ਨੇਵਾਤਿਮ ਏਅਰ ਬੇਸ ’ਤੇ ਹਮਲੇ ਕਾਰਨ ਮਾਮੂਲੀ ਨੁਕਸਾਨ ਹੋਇਆ ਹੈ। ਗਿਲੋਨ ਨੇ ਕਿਹਾ ਕਿ ਭਾਰਤ ਦਾ ਕੌਮਾਂਤਰੀ ਪੱਧਰ ’ਤੇ ਚੰਗਾ ਰੁਤਬਾ ਹੈ ਅਤੇ ਉਸ ਨੂੰ ਹਾਲਾਤ ਆਮ ਵਰਗੇ ਬਣਾਉਣ ’ਚ ਆਪਣੇ ਪ੍ਰਭਾਵ ਦੀ ਵਰਤੋਂ ਕਰਨੀ ਚਾਹੀਦੀ ਹੈ। ‘ਖ਼ਿੱਤੇ ’ਚ ਲੱਖਾਂ ਭਾਰਤੀ ਕੰਮ ਕਰਦੇ ਹਨ। ਯੂਏਈ, ਸਾਊਦੀ ਅਰਬ, ਕਤਰ ਨਾਲ ਭਾਰਤ ਦੇ ਚੰਗੇ ਕਾਰੋਬਾਰੀ ਅਤੇ ਮਜ਼ਬੂਤ ਸਬੰਧ ਹਨ। ਮੇਰੇ ਵਿਚਾਰ ਨਾਲ ਭਾਰਤ ਨੂੰ ਇਰਾਨ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।’ ਸਫ਼ੀਰ ਨੇ ਕਿਹਾ ਕਿ ਇਰਾਨ ਦਾ ਇਹ ਵਤੀਰਾ ਕਾਇਮ ਨਹੀਂ ਰਹਿ ਸਕਦਾ ਅਤੇ ਜੇਕਰ ਲੋੜ ਪਈ ਤਾਂ ਇਜ਼ਰਾਈਲ ਢੁੱਕਵਾਂ ਜਵਾਬ ਦੇਵੇਗਾ। ਅਸੀਂ ਸ਼ਾਇਦ ਢੁੱਕਵੇਂ ਸਮੇਂ ਦੀ ਉਡੀਕ ਕਰਾਂਗੇ ਜਾਂ ਇਰਾਨ ਨੂੰ ਸੁਨੇਹਾ ਭੇਜਾਂਗੇ ਕਿ ਉਸ ਦਾ ਵਤੀਰਾ ਮਨਜ਼ੂਰ ਨਹੀਂ ਹੈ। -ਪੀਟੀਆਈ

ਇਰਾਨ ਵੱਲੋਂ ਇਜ਼ਰਾਈਲ ’ਤੇ ਦਾਗ਼ੇ 80 ਤੋਂ ਵੱਧ ਡਰੋਨ ਅਮਰੀਕਾ ਨੇ ਫੁੰਡੇ

ਵਾਸ਼ਿੰਗਟਨ: ਪੈਂਟਾਗਨ ਨੇ ਕਿਹਾ ਹੈ ਕਿ ਇਰਾਨ ਵੱਲੋਂ ਇਜ਼ਰਾਈਲ ’ਤੇ ਐਤਵਾਰ ਨੂੰ ਦਾਗ਼ੀਆਂ ਗਈਆਂ ਛੇ ਬੈਲਿਸਟਿਕ ਮਿਜ਼ਾਈਲਾਂ ਅਤੇ 80 ਤੋਂ ਵੱਧ ਡਰੋਨ ਅਮਰੀਕਾ ਨੇ ਫੁੰਡੇ ਸਨ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਕ ਬੈਲਿਸਟਿਕ ਮਿਜ਼ਾਈਲ ਅਤੇ ਸੱਤ ਯੂਏਵੀ ਨੂੰ ਹੂਤੀਆਂ ਦੇ ਕਬਜ਼ੇ ਵਾਲੇ ਯਮਨ ਦੇ ਇਲਾਕਿਆਂ ’ਚ ਲਾਂਚ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਗਿਆ ਸੀ। ਇਰਾਨ ਨੇ ਇਜ਼ਰਾਈਲ ’ਤੇ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ ਸਨ ਜਿਨ੍ਹਾਂ ’ਚੋਂ ਤਕਰੀਬਨ ਸਾਰੇ ਇਜ਼ਰਾਇਲੀ, ਅਮਰੀਕੀ ਅਤੇ ਸਹਾਇਕ ਫ਼ੌਜਾਂ ਨੇ ਨਿਸ਼ਾਨੇ ’ਤੇ ਪੁੱਜਣ ਤੋਂ ਪਹਿਲਾਂ ਹੀ ਫੁੰਡ ਦਿੱਤੇ ਸਨ। ਯੂਐੱਸ ਸੈਂਟਕਾਮ ਫੋਰਸਿਜ਼ ਨੇ ਕਿਹਾ ਕਿ ਉਹ ਖੇਤਰੀ ਭਾਈਵਾਲਾਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰਦੇ ਰਹਿਣਗੇ। -ਪੀਟੀਆਈ

Advertisement
Author Image

joginder kumar

View all posts

Advertisement
Advertisement
×